ਇਹ ਦੁਖਦਾਈ ਖ਼ਬਰ ਜਿਲ੍ਹਾ ਲੁਧਿਆਣਾ ਤੋਂ ਹੈ। ਇਥੇ ਸਮਰਾਲਾ ਸਥਾਨਕ ਬਾਈਪਾਸ ਉਤੇ ਸ਼ਨੀਵਾਰ ਦੇਰ ਰਾਤ ਨੂੰ ਦੋ ਕਾਰਾਂ ਦੀ ਸਿੱਧੀ ਟੱਕਰ ਦੌਰਾਨ ਹੋਏ ਭਿਆਨਕ ਸੜਕ ਹਾਦਸੇ ਵਿਚ ਇਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਦਰਦਨਾਕ ਮੌਤ ਹੋ ਗਈ। ਇਸ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋਏ ਚਾਰ ਹੋਰ ਵਿਅਕਤੀਆਂ ਨੂੰ ਸਮਰਾਲਾ ਦੇ ਸਰਕਾਰੀ ਹਸਪਤਾਲ ਵਿੱਚੋਂ ਮੁੱਢਲੀ ਸਹਾਇਤਾ ਤੋਂ ਬਾਅਦ ਵੱਖ-ਵੱਖ ਹਸਪਤਾਲਾਂ ਦੇ ਵਿੱਚ ਰੈਫ਼ਰ ਕਰ ਦਿੱਤਾ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਵੀ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਮਾਛੀਵਾੜਾ ਵਾਸੀ ਇੱਕ ਪਰਿਵਾਰ ਨੇ ਸੀਸੀਟੀਵੀ ਆਪਣੀ ਲੜਕੀ ਪ੍ਰੀਤੀ ਕੌਰ ਦਾ ਵਿਆਹ ਸਮਰਾਲਾ ਦੇ ਨੇੜਲੇ ਪਿੰਡ ਸਿਹਾਲਾ ਵਿਆਹ ਕੀਤਾ ਸੀ। ਲੜਕੀ ਦੇ ਸਹੁਰੇ ਘਰ ਵਿੱਚ ਅਕਸਰ ਝਗੜਾ ਰਹਿੰਦਾ ਸੀ ਅਤੇ ਬੀਤੀ ਰਾਤ ਲੜਕੀ ਪ੍ਰੀਤੀ ਨੇ ਆਪਣੇ ਪੇਕੇ ਪਰਿਵਾਰ ਨੂੰ ਫੋਨ ਕਰਕੇ ਦੱਸਿਆ ਕਿ ਉਸ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ, ਇਸ ਲਈ ਉਹ ਆ ਕੇ ਉਸ ਨੂੰ ਲੈ ਜਾਣ। ਇਸ ਤੋਂ ਬਾਅਦ ਪ੍ਰੀਤੀ ਨੂੰ ਲੈਣ ਉਸ ਦੀ ਮਾਂ, ਚਾਚਾ-ਮਾਸੀ ਅਤੇ ਇੱਕ ਹੋਰ ਗੁਆਂਢੀ ਰਾਤ ਨੂੰ ਉਸ ਦੇ ਸਹੁਰੇ ਘਰ ਪਹੁੰਚ ਗਏ। ਪ੍ਰੀਤੀ ਨੂੰ ਉਥੋਂ ਲੈ ਕੇ ਰਾਤ 10 ਵਜੇ ਵਾਪਸ ਮਾਛੀਵਾੜਾ ਆ ਰਹੇ ਸੀ ਕਿ ਸਮਰਾਲਾ ਬਾਈਪਾਸ ਨੇੜੇ ਪਹੁੰਚਦੇ ਹੀ ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਸਾਹਮਣੇ ਤੋਂ ਆ ਰਹੀ ਇੱਕ ਹੋਰ ਤੇਜ਼ ਰਫ਼ਤਾਰ ਕਾਰ ਨਾਲ ਉਸ ਦੀ ਸਿੱਧੀ ਟੱਕਰ ਹੋ ਗਈ।
ਇਹ ਟੱਕਰ ਇੰਨੀ ਭਿਆਨਕ ਸੀ ਕਿ ਪ੍ਰੀਤੀ ਦੀ ਮਾਂ ਚਰਨਜੀਤ ਕੌਰ ਉਮਰ 44, ਚਾਚਾ ਸਰਬਜੀਤ ਸਿੰਘ ਉਮਰ 40 ਅਤੇ ਚਾਚੀ ਰਮਨਦੀਪ ਕੌਰ ਉਮਰ 38 ਦੀ ਮੌਕੇ ਉਤੇ ਹੀ ਮੌਤ ਹੋ ਗਈ। ਜਦੋਂਕਿ ਪ੍ਰੀਤੀ ਉਮਰ 25 ਅਤੇ ਉਸ ਦਾ ਇੱਕ ਗੁਆਂਢੀ ਮੱਖਣ ਸਿੰਘ ਅਤੇ ਦੂਸਰੀ ਕਾਰ ਵਿੱਚ ਸਵਾਰ ਦੋ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਦੇ ਐਮਰਜੈਂਸੀ ਮੈਡੀਕਲ ਅਫ਼ਸਰ ਡਾ: ਪ੍ਰਭਜੋਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਰਾਤ 10 ਵਜੇ ਹਾਦਸੇ ਵਿਚ ਜਖਮੀ ਹੋਏ ਵਿਅਕਤੀਆਂ ਨੂੰ ਲਿਆਂਦਾ ਗਿਆ ਸੀ। ਇਨ੍ਹਾਂ ਵਿਚੋਂ 3 ਲੋਕਾਂ ਦੀ ਮੌਤ ਹੋ ਚੁੱਕੀ ਸੀ। ਜ਼ਖ਼ਮੀਆਂ ਵਿੱਚ ਪ੍ਰੀਤੀ, ਮੱਖਣ ਸਿੰਘ ਦੋਵੇਂ ਵਾਸੀ ਮਾਛੀਵਾੜਾ ਅਤੇ ਹੈਪੀ ਅਤੇ ਪਵਨਦੀਪ ਕੁਮਾਰ ਵਾਸੀ ਕੋਟਕਪੂਰਾ ਸ਼ਾਮਲ ਹਨ, ਜਿਨ੍ਹਾਂ ਦੀ ਮੁੱਢਲੀ ਸਹਾਇਤਾ ਤੋਂ ਬਾਅਦ ਉਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ ਹੈ।
ਦੂਜੇ ਪਾਸੇ ਇਸ ਹਾਦਸੇ ਦੇ ਵਿੱਚ ਮਰਨ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੂਜੇ ਪਾਸੇ ਤੋਂ ਆ ਰਹੀ ਕਾਰ ਦੀ ਰਫ਼ਤਾਰ ਬਹੁਤ ਤੇਜ਼ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰੀਤੀ ਦੀ ਹਾਲਤ ਵੀ ਕਾਫੀ ਗੰਭੀਰ ਹੈ। ਉਸ ਨੂੰ ਪਹਿਲਾਂ ਲੁਧਿਆਣਾ ਅਤੇ ਬਾਅਦ ਵਿਚ ਪਟਿਆਲਾ ਦੇ ਸਰਕਾਰੀ ਹਸਪਤਾਲ ਭੇਜਿਆ ਗਿਆ ਸੀ ਪਰ ਉਸ ਦੀ ਹਾਲਤ ਹੋਰ ਵਿਗੜ ਗਈ, ਜਿਸ ਤੋਂ ਬਾਅਦ ਦੇਰ ਰਾਤ ਡਾਕਟਰਾਂ ਨੇ ਉਸ ਨੂੰ ਪੀ.ਜੀ.ਆਈ ਚੰਡੀਗੜ੍ਹ ਭੇਜ ਦਿੱਤਾ। ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਸਾਰੇ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।