ਇਹ ਦੁਖਦਾਈ ਖ਼ਬਰ ਪੰਜਾਬ ਦੇ ਜਿਲ੍ਹਾ ਗੁਰਦਾਸਪੁਰ ਨਾਲ ਸਬੰਧਤ ਹੈ। ਇਥੋਂ ਦਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸ਼ੇਰਾ ਅਠਵਾਲ ਦੀ ਕੈਨੇਡਾ ਵਿਚ ਮੌਤ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਪ੍ਰਸਿੱਧ ਕਬੱਡੀ ਖਿਡਾਰੀ ਦੀ ਅਚਾਨਕ ਹੋਈ ਮੌਤ ਤੋਂ ਬਾਅਦ ਉਸ ਦੇ ਜੱਦੀ ਪਿੰਡ ਅਠਵਾਲ ਜ਼ਿਲ੍ਹਾ ਗੁਰਦਾਸਪੁਰ ਵਿੱਚ ਸੋਗ ਦੀ ਲਹਿਰ ਹੈ। ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਦੇ ਲਈ ਇਲਾਕੇ ਭਰ ਦੇ ਲੋਕ ਸ਼ੇਰੇ ਦੇ ਘਰ ਵਿਖੇ ਪਹੁੰਚ ਰਹੇ ਹਨ। ਮ੍ਰਿਤਕ ਦੇ ਵੱਡੇ ਭਰਾ ਨੇ ਦੱਸਿਆ ਹੈ ਕਿ ਸ਼ੇਰਾ ਸ਼ੁਰੂ ਤੋਂ ਹੀ ਖੇਡਾਂ ਦਾ ਸ਼ੌਕੀਨ ਸੀ ਅਤੇ ਕਬੱਡੀ ਦਾ ਬਹੁਤਾ ਸ਼ੌਕੀਨ ਸੀ।
ਸ਼ੇਰਾ ਕਾਫੀ ਸਮੇਂ ਤੋਂ ਕਬੱਡੀ ਖੇਡ ਰਿਹਾ ਸੀ, ਪੂਰੇ ਭਾਰਤ ਤੋਂ ਇਲਾਵਾ ਉਹ ਵੱਖ-ਵੱਖ ਦੇਸ਼ਾਂ ਵਿਚ ਵੀ ਕਬੱਡੀ ਖੇਡਦਾ ਰਿਹਾ ਹੈ। 2018 ਤੋਂ ਉਹ ਪੱਕੇ ਤੌਰ ਉਤੇ ਕੈਨੇਡਾ ਵਿੱਚ ਰਹਿ ਰਿਹਾ ਸੀ। ਉਹ ਪਿੰਡ ਆਇਆ ਹੋਇਆ ਸੀ ਅਤੇ 10 ਦਿਨ ਪਹਿਲਾਂ ਹੀ ਕੈਨੇਡਾ ਵਾਪਸ ਪਰਤਿਆ ਸੀ। ਅੱਜ ਉਨ੍ਹਾਂ ਨੂੰ ਇਹ ਬੁਰੀ ਖ਼ਬਰ ਸੁਣਨ ਨੂੰ ਮਿਲੀ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸ਼ੇਰੇ ਦਾ ਵਿਆਹ ਕਰੀਬ 18 ਮਹੀਨੇ ਪਹਿਲਾਂ ਹੋਇਆ ਸੀ।
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸ਼ੇਰੇ ਦੇ ਦੋਸਤਾਂ ਵਲੋਂ ਫੋਨ ਕਰਕੇ ਉਨ੍ਹਾਂ ਨੂੰ ਉਸ ਦੀ ਮੌਤ ਦੀ ਸੂਚਨਾ ਦਿੱਤੀ ਗਈ ਸੀ। ਹੁਣ ਉਸ ਦੀ ਪਤਨੀ ਉਸਦੀ ਮ੍ਰਿਤਕ ਦੇਹ ਨੂੰ ਲੈਣ ਲਈ ਕੈਨੇਡਾ ਜਾਵੇਗੀ। ਕਰੀਬ 12 ਦਿਨਾਂ ਤੋਂ ਬਾਅਦ ਸ਼ੇਰੇ ਦੀ ਲਾਸ਼ ਜੱਦੀ ਪਿੰਡ ਅਠਵਾਲ ਪਹੁੰਚੇਗੀ। ਦੂਜੇ ਪਾਸੇ ਸਾਬਕਾ ਉਪ ਮੁੱਖ ਮੰਤਰੀ ਅਤੇ ਪੰਜਾਬ ਦੇ ਹਲਕਾ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੁੱਜੇ। ਇਸ ਦੌਰਾਨ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸ਼ੇਰੇ ਦੀ ਮੌਤ ਨਾਲ ਪਰਿਵਾਰ ਨੂੰ ਹੀ ਨਹੀਂ ਸਗੋਂ ਪੂਰੇ ਪੰਜਾਬ ਨੂੰ ਬਹੁਤ ਵੱਡਾ ਘਾਟਾ ਪਿਆ ਹੈ।