ਪੰਜਾਬ ਵਿਚ ਫਿਰੋਜ਼ਪੁਰ ਦੇ ਸਿਟੀ ਪਾਰਕ ਪੈਲੇਸ ਵਿੱਚ ਹੋਏ ਵਿਆਹ ਸਮਾਗਮ ਦੌਰਾਨ ਪੁਰਾਣੀ ਦੁਸ਼ਮਣੀ ਦੇ ਕਾਰਨ ਦੋ ਗੁੱਟਾਂ ਵਿੱਚ ਲੜਾਈ ਹੋ ਗਈ। ਲੜਦੇ ਲੋਕਾਂ ਨੂੰ ਛੁਡਾਉਣ ਗਏ ਨੌਜਵਾਨ ਦੀ ਛਾਤੀ ‘ਚ ਚਾਕੂ ਵੱਜਣ ਕਾਰਨ ਉਸ ਦੀ ਮੌਕੇ ਉਤੇ ਹੀ ਮੌਤ ਹੋ ਗਈ। ਇਸ ਝਗੜੇ ਤੋਂ ਬਾਅਦ ਮੈਰਿਜ ਪੈਲੇਸ ਵਿੱਚ ਭਗਦੜ ਮੱਚ ਗਈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਕਤ ਘਟਨਾ ਮੰਗਲਵਾਰ ਦੁਪਹਿਰ ਨੂੰ ਵਾਪਰੀ ਹੈ ਖਬਰ ਲਿਖੇ ਜਾਣ ਤੱਕ ਪੁਲੀਸ ਨੇ ਕਿਸੇ ਵੀ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਹੈ।
ਮ੍ਰਿਤਕ ਰਣਜੀਤ ਸਿੰਘ ਦੇ ਭਰਾ ਗੁਰਲਾਲ ਸਿੰਘ ਵਾਸੀ ਪਿੰਡ ਮਹਿਮਾ ਨੇ ਦੱਸਿਆ ਹੈ ਕਿ ਸਿਟੀ ਪਾਰਕ ਪੈਲੇਸ ਵਿੱਚ ਉਨ੍ਹਾਂ ਦੇ ਗੁਆਂਢੀਆਂ ਦਾ ਵਿਆਹ ਸਮਾਗਮ ਸੀ। ਹਰ ਕੋਈ ਆਪੋ-ਆਪਣੀ ਮੌਜ ਮਸਤੀ ਵਿਚ ਰੁੱਝਿਆ ਹੋਇਆ ਸੀ। ਉਦੋਂ ਹੀ ਪਿੰਡ ਦੇ ਦੋ ਅਜਿਹੇ ਗੁੱਟਾਂ ਦੇ ਲੋਕ ਆਹਮੋ-ਸਾਹਮਣੇ ਹੋ ਗਏ, ਜਿਨ੍ਹਾਂ ਦਾ ਆਪਸ ਵਿੱਚ ਪੁਰਾਣਾ ਝਗੜਾ ਚੱਲ ਰਿਹਾ ਸੀ। ਦੋਵਾਂ ਧੜਿਆਂ ਦੇ ਲੋਕ ਆਪਸ ਵਿੱਚ ਭਿੜ ਗਏ। ਜਿਵੇਂ ਹੀ ਹੰਗਾਮਾ ਸ਼ੁਰੂ ਹੋਇਆ ਸਮਾਗਮ ਵਿਚ ਪਹੁੰਚੇ ਮਹਿਮਾਨਾਂ ‘ਚ ਭੱਜਦੌੜ ਮੱਚ ਗਈ।
ਜਦੋਂ ਰਣਜੀਤ ਸਿੰਘ ਆਪਸ ਵਿੱਚ ਲੜ ਰਹੇ ਲੋਕਾਂ ਨੂੰ ਛੁਡਾਉਣ ਲਈ ਉੱਥੇ ਪਹੁੰਚਿਆ ਤਾਂ ਕਿਸੇ ਨੇ ਉਸ ਦੀ ਛਾਤੀ ਵਿੱਚ ਚਾਕੂ ਮਾਰ ਦਿੱਤਾ। ਰਣਜੀਤ ਸਿੰਘ ਗੰਭੀਰ ਰੂਪ ਦੇ ਵਿਚ ਜ਼ਖਮੀ ਹੋ ਗਿਆ ਅਤੇ ਉਸ ਦੀ ਮੌਕੇ ਉਤੇ ਹੀ ਮੌਤ ਹੋ ਗਈ। ਸੂਚਨਾ ਮਿਲਦਿਆਂ ਸਾਰ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਪੈਲੇਸ ‘ਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਨੂੰ ਆਪਣੇ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਉਸ ਥਾਂ ਤੋਂ ਫਰਾਰ ਹੋ ਗਏ। ਗੁਰਲਾਲ ਨੇ ਦੱਸਿਆ ਕਿ ਉਸ ਦਾ ਭਰਾ ਤਾਂ ਉਨ੍ਹਾਂ ਨੂੰ ਸਮਝਾਉਣ ਗਿਆ ਸੀ ਪਰ ਦੋਸ਼ੀਆਂ ਨੇ ਉਸ ਦੇ ਭਰਾ ਦੀ ਜਾਨ ਲੈ ਲਈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਰਖਵਾਇਆ ਹੈ।