ਇਹ ਦੁਖਦਾਈ ਖਬਰ ਪੰਜਾਬ ਦੇ ਮੁਕਤਸਰ ਤੋਂ ਸਾਹਮਣੇ ਆਈ ਹੈ। ਇਥੇ ਸਹੁਰਿਆਂ ਵੱਲੋਂ ਦਾਜ ਦੀ ਮੰਗ ਤੋਂ ਤੰਗ ਆ ਕੇ ਮੁਕਤਸਰ ਦੀ ਨਵ-ਵਿਆਹੁਤਾ ਨੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਥਾਣਾ ਸਿਟੀ ਪੁਲੀਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ਤੇ ਪਤੀ, ਸੱਸ ਅਤੇ ਸਹੁਰੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਸ਼ਹਿਰ ਦੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ‘ਚੋਂ ਨਵ-ਵਿਆਹੀ ਔਰਤ ਦੀ ਲਾਸ਼ ਮਿਲੀ ਹੈ।
ਮ੍ਰਿਤਕ ਦੀ ਪਛਾਣ ਪਿੰਡ ਲਾਪੋ (ਫਿਰੋਜ਼ਪੁਰ) ਵਿੱਚ ਤਾਇਨਾਤ ਸਰਕਾਰੀ ਅਧਿਆਪਕਾ ਈਸ਼ੂ ਪੁੱਤਰੀ ਵਿਨੋਦ ਕੁਮਾਰ ਵਾਸੀ ਗਾਂਧੀ ਨਗਰ ਵਜੋਂ ਹੋਈ ਹੈ। ਜਿਸਦਾ ਵਿਆਹ ਕਰੀਬ ਡੇਢ ਮਹੀਨਾ ਪਹਿਲਾਂ ਹੋਇਆ ਸੀ।ਪੁਲਿਸ ਨੂੰ ਦਿੱਤੇ ਬਿਆਨ ਵਿੱਚ ਮ੍ਰਿਤਕ ਦੇ ਪਿਤਾ ਵਿਨੋਦ ਕੁਮਾਰ ਨੇ ਦੱਸਿਆ ਕਿ ਉਸਦੀ ਲੜਕੀ ਦਾ ਵਿਆਹ 28 ਸਤੰਬਰ 2022 ਨੂੰ ਦਸਮੇਸ਼ ਨਗਰ ਕੋਟਕਪੂਰਾ ਰੋਡ ਦੇ ਰਹਿਣ ਵਾਲੇ ਮੋਹਿਤ ਮਲਹੋਤਰਾ ਨਾਲ ਹੋਇਆ ਸੀ। ਉਸ ਨੇ ਆਪਣੀ ਹੈਸੀਅਤ ਤੋਂ ਵੱਧ ਦੇ ਕਰੀਬ ਦਸ ਲੱਖ ਰੁਪਏ ਵਿਆਹ ‘ਤੇ ਖਰਚ ਕੀਤੇ। ਦਸ ਤੋਲੇ ਸੋਨੇ ਦੇ ਗਹਿਣੇ ਵੀ ਦਿੱਤੇ। ਪਰ ਇਸ ਦੇ ਬਾਵਜੂਦ ਈਸ਼ੂ ਨੂੰ ਪ੍ਰੇਸ਼ਾਨ ਕੀਤਾ ਜਾਣ ਲੱਗਾ।
ਬੀਤੀ ਰਾਤ ਹੀ ਉਹ ਆਪਣੀ ਲੜਕੀ ਨੂੰ ਪੇਕੇ ਘਰ ਲੈ ਕੇ ਆਇਆ ਸੀ। ਪਰ ਤਣਾਅ ਦੇ ਚੱਲਦਿਆਂ ਈਸ਼ੂ ਨੇ ਗੁਰਦੁਆਰਾ ਸਾਹਿਬ ਦੇ ਸਰੋਵਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਜਾਂਚ ਅਧਿਕਾਰੀ ਏਐਸਆਈ ਰਸ਼ਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਉਸ ਦੇ ਪਤੀ ਮੋਹਿਤ ਮਲਹੋਤਰਾ, ਸਹੁਰਾ ਗੁਰਮੇਲ ਸਿੰਘ ਅਤੇ ਸੱਸ ਵੀਰਪਾਲ ਕੌਰ ਖ਼ਿਲਾਫ਼ ਧਾਰਾ 304ਬੀ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ਗੁਰਦੁਆਰਾ ਸਾਹਿਬ ਦਾ ਸੀਸੀਟੀਵੀ ਵੀ ਸਾਹਮਣੇ ਆਇਆ ਹੈ। ਜਿਸ ਵਿੱਚ ਮਰਨ ਤੋਂ ਪਹਿਲਾਂ ਈਸ਼ੂ ਗੁਰਦੁਆਰਾ ਸਾਹਿਬ ਦੇ ਦੋ ਨੰਬਰ ਗੇਟ ਤੋਂ ਪ੍ਰਵੇਸ਼ ਕਰਦੇ ਹੋਏ ਅਤੇ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਦੇ ਹੋਏ ਨਜ਼ਰ ਆ ਰਹੀ ਹੈ।