ਪੰਜਾਬ ਦੇ ਜਲੰਧਰ ਲੋਹੀਆਂ ਖਾਸ ਤੋਂ ਇਹ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ ਕਿ ਸਥਾਨਕ ਵਾਰਡ ਨੰ.1 ਤੋਂ ਕੌਂਸਲਰ ਰੇਖਾ ਰਾਣੀ ਦੀ ਪੁੱਤਰੀ ਅਤੇ ਸਾਬਕਾ ਨਗਰ ਪੰਚਾਇਤ ਬਲਵਿੰਦਰ ਸਿੰਘ ਦੀ ਭਤੀਜੀ ਲਵਪ੍ਰੀਤ ਕੌਰ ਉਮਰ 24 ਸਾਲ ਪੁੱਤਰੀ ਗਿਆਨ ਸਿੰਘ ਵਲੋਂ ਫੰਦਾ ਲਾ ਕੇ ਆਪਣੇ ਆਪ ਨੂੰ ਖਤਮ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ ਰੇਖਾ ਰਾਣੀ ਨੇ ਦੱਸਿਆ ਕਿ ਉਸ ਦੀ ਲੜਕੀ ਲਵਪ੍ਰੀਤ ਕੌਰ ਦਾ ਵਿਆਹ ਕਰੀਬ ਇਕ ਸਾਲ ਪਹਿਲਾਂ ਜਨਤਾ ਨਗਰ, ਲੁਧਿਆਣਾ ਵਾਸੀ ਗਗਨਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਨਾਲ ਹੋਇਆ ਸੀ।
ਵਿਆਹ ਤੋਂ ਕੁਝ ਦਿਨ ਬਾਅਦ ਹੀ ਉਸ ਦੀ ਲੜਕੀ ਲਵਪ੍ਰੀਤ ਕੌਰ ਦੇ ਪਤੀ ਗਗਨਦੀਪ ਸਿੰਘ, ਸੱਸ ਅਮਰਜੀਤ ਕੌਰ, ਸਹੁਰਾ ਅਮਰਜੀਤ ਸਿੰਘ ਕਾਰ ਅਤੇ ਹੋਰ ਦਹੇਜ ਨੂੰ ਲੈ ਕੇ ਉਸ ਨੂੰ ਤਾਅਨੇ ਮਾਰਨੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਲਵਪ੍ਰੀਤ ਕੌਰ ਆਪਣੇ ਪੇਕੇ ਘਰ ਆ ਗਈ। ਕੁਝ ਰਿਸ਼ਤੇਦਾਰਾਂ ਨੇ ਲਵਪ੍ਰੀਤ ਕੌਰ ਦੇ ਸਹੁਰੇ ਵਾਲਿਆਂ ਨਾਲ ਗੱਲ ਕੀਤੀ ਅਤੇ ਮਿੰਨਤਾਂ ਕੀਤੀਆਂ ਅਤੇ ਇਕ ਵਾਰ ਫਿਰ ਉਸ ਨੂੰ ਸਹੁਰੇ ਘਰ ਭੇਜ ਦਿੱਤਾ। ਕੁਝ ਸਮੇਂ ਬਾਅਦ ਲਵਪ੍ਰੀਤ ਦੇ ਸਹੁਰਿਆਂ ਨੇ ਉਸ ਨੂੰ ਦਾਜ ਲਈ ਫਿਰ ਤੋਂ ਤੰਗ ਕਰਨਾ ਸ਼ੁਰੂ ਕਰ ਦਿੱਤਾ, ਇੱਥੋਂ ਤੱਕ ਕਿ ਉਸ ਦਾ ਪਤੀ ਕੁੱਟਮਾਰ ਵੀ ਕਰਨ ਲੱਗ ਪਿਆ, ਜਿਸ ਕਾਰਨ ਉਹ ਮੁੜ ਆਪਣੇ ਪੇਕੇ ਘਰ ਲੋਹੀਆਂ ਖਾਸ ਆ ਗਈ।
ਲਵਪ੍ਰੀਤ ਕੌਰ ਦੇ ਪਤੀ ਗਗਨਦੀਪ ਸਿੰਘ ਨੇ ਫੋਨ ਕੀਤਾ ਕਿ ਉਹ ਆਪਣੇ ਪਰਿਵਾਰ ਨਾਲ ਨਕੋਦਰ ਆ ਰਿਹਾ ਹੈ, ਉਹ ਵੀ ਆਪਣੇ ਪਰਿਵਾਰ ਨਾਲ ਆ ਜਾਵੇ ਤਾਂ ਜੋ ਤਲਾਕ ਬਾਰੇ ਗੱਲ ਹੋ ਸਕੇ। ਇਸ ਤੋਂ ਦੁਖੀ ਹੋ ਕੇ ਵਿਆਹੁਤਾ ਨੇ ਕਮਰੇ ਨੂੰ ਬੰਦ ਕਰਕੇ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਲਿਆ। ਦਰਵਾਜ਼ਾ ਤੋੜ ਕੇ ਲਵਪ੍ਰੀਤ ਨੂੰ ਹੇਠਾਂ ਉਤਾਰਿਆ ਗਿਆ। ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਥਾਣਾ ਇੰਚਾਰਜ ਸੁਰਜੀਤ ਸਿੰਘ ਨੇ ਦੱਸਿਆ ਕਿ ਰੇਖਾ ਰਾਣੀ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਜਾਵੇਗੀ।