ਅਸੀਂ ਜਾਣਦੇ ਹਾਂ ਕਿ ਕਿਸੇ ਵੀ ਗੱਡੀ ਦਾ ਹਰ ਪਾਰਟ ਜ਼ਰੂਰੀ ਹੁੰਦਾ ਹੈ ਪਰ ਟਾਇਰਾਂ ਤੋਂ ਬਿਨਾਂ ਕੋਈ ਵੀ ਵਾਹਨ ਅਧੂਰਾ ਹੀ ਹੈ। ਜਿਸ ਤਰ੍ਹਾਂ ਅਸੀਂ ਆਪਣੇ ਵਾਹਨ ਦੀ ਸਰਵਿਸ ਕਰਵਾਉਂਦੇ ਹਾਂ, ਉਸੇ ਤਰ੍ਹਾਂ ਟਾਇਰਾਂ ਦੀ ਦੇਖਭਾਲ ਵੀ ਬਹੁਤ ਜ਼ਰੂਰੀ ਹੁੰਦੀ ਹੈ, ਨਹੀਂ ਤਾਂ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਬਹੁਤ ਭਾਰੀ ਪੈ ਸਕਦਾ ਹੈ, ਕਿਉਂਕਿ ਇਹ ਟਾਇਰ ਖਾਸ ਹਨ… ਜੇਕਰ ਟਾਇਰ ਸਹੀ ਹਾਲਤ ਵਿੱਚ ਹੋਣ ਤਾਂ ਵਾਪਰਨ ਵਾਲੇ ਹਾਦਸਿਆਂ ਵਿਚ ਵੀ ਵੱਡੀ ਗਿਣਤੀ ਵਿਚ ਕਮੀ ਦੇਖਣ ਨੂੰ ਮਿਲੇਗੀ ਅਜਿਹੀ ਸਥਿਤੀ ਵਿੱਚ, ਇੱਥੇ ਅਸੀਂ ਤੁਹਾਨੂੰ ਟਾਇਰਾਂ ਦੀ ਦੇਖਭਾਲ ਨਾਲ ਜੁੜੀਆਂ ਕੁਝ ਖਾਸ ਜਾਣਕਾਰੀਆਂ ਦੇ ਰਹੇ ਹਾਂ…
ਟਾਇਰਾਂ ਬਾਰੇ ਇਹ ਜਾਣਕਾਰੀ ਮਹੱਤਵਪੂਰਨ ਹੈ
ਮੋਟਰਸਾਇਕਲ ਅਤੇ ਕਾਰ ਦੇ ਟਾਇਰ ਵੱਖ-ਵੱਖ ਤਰ੍ਹਾਂ ਦੇ ਹੁੰਦੇ ਹਨ ਅਤੇ ਇਹਨਾਂ ਦੀ ਜਾਣਕਾਰੀ ਟਾਇਰਾਂ ਦੀ ਸਾਈਡ ਉਤੇ ਲਿਖੀ ਜਾਂਦੀ ਹੈ। ਉਦਾਹਰਨ ਲਈ, ਇੱਕ ਟਾਇਰ ਦੇ ਅੱਗੇ P ਲਿਖਿਆ ਹੁੰਦਾ ਹੈ। ‘ਪੀ’ ਦਾ ਮਤਲਬ ਹੈ ਟਾਇਰ ਯਾਤਰੀ ਕਾਰ ਦਾ ਹੈ। ਜੇਕਰ ਕਾਰ ਦੇ ਟਾਇਰ ਉਤੇ ਇਹ ਨੰਬਰ P215/55R15 90S ਲਿਖਿਆ ਹੋਵੇ। ਇਸ ਦਾ ਮਤਲਬ ਹੈ ਕਿ ਟਾਇਰ ਦੀ ਚੌੜਾਈ 215mm ਹੈ, 55 ਦਾ ਮਤਲਬ ਆਸਪੈਕਟ ਰੇਸ਼ੋ ਅਤੇ R ਦਾ ਮਤਲਬ ਰੇਡੀਅਲ ਹੁੰਦਾ ਹੈ ਜਦਕਿ 15 ਦਾ ਮਤਲਬ ਹੁੰਦਾ ਹੈ ਰਿਮ ਦਾ ਆਕਾਰ ਹੈ।
ਇਸ ਤੋਂ ਇਲਾਵਾ 90 ਦਾ ਮਤਲਬ ਹੈ ਲੋਡ, ਯਾਨੀ ਇਸ ਕਾਰ ਦੇ ਟਾਇਰ ‘ਤੇ ਕਿੰਨਾ ਭਾਰ ਚੁੱਕਿਆ ਜਾ ਸਕਦਾ ਹੈ ਅਤੇ S ਦਾ ਅਰਥ ਹੈ ਟਾਇਰ ਦੀ ਸਪੀਡ ਰੇਟਿੰਗ। ਹਰ ਟਾਇਰ ਦੀ ਵੱਧ ਤੋਂ ਵੱਧ ਗਤੀ ਸੀਮਾ ਹੁੰਦੀ ਹੈ। ਇਸਦੇ ਲਈ A1 ਤੋਂ Y ਤੱਕ ਰੇਟਿੰਗ ਦਿੱਤੀ ਜਾਂਦੀ ਹੈ। A1 ਰੇਟਿੰਗ ਵਾਲੇ ਟਾਇਰ ਵੱਧ ਤੋਂ ਵੱਧ 5 kmph ਦੀ ਰਫਤਾਰ ਨਾਲ ਅਤੇ Y ਰੇਟਿੰਗ ਵਾਲੇ ਟਾਇਰ 300kmph ਦੀ ਰਫਤਾਰ ਨਾਲ ਚੱਲ ਸਕਦੇ ਹਨ।
ਵੱਖ-ਵੱਖ ਕਿਸਮਾਂ ਦੇ ਹੁੰਦੇ ਹਨ ਟਾਇਰ
ਟਾਇਰ ਦੋ ਤਰ੍ਹਾਂ ਦੇ ਹੁੰਦੇ ਹਨ। ਇੱਕ ਟਿਊਬ ਵਾਲਾ ਅਤੇ ਦੂਜਾ ਟਿਊਬ ਰਹਿਤ ਟਾਇਰ ਹੁੰਦਾ ਹੈ। ਪਰ ਹੁਣ ਟਿਊਬਲੈੱਸ ਟਾਇਰਾਂ ਦਾ ਦੌਰ ਚੱਲ ਰਿਹਾ ਹੈ। ਟਿਊਬਲੈੱਸ ਟਾਇਰ ਸੜਕ ਉਤੇ ਬਿਹਤਰ ਪਕੜ ਅਤੇ ਕੰਟਰੋਲ ਪ੍ਰਦਾਨ ਕਰਦੇ ਹਨ। ਟਿਊਬਲੈੱਸ ਟਾਇਰਾਂ ਦਾ ਵੱਡਾ ਫਾਇਦਾ ਇਹ ਹੁੰਦਾ ਹੈ ਕਿ ਜੇਕਰ ਸਫਰ ਦੌਰਾਨ ਟਾਇਰ ਪੈਂਚਰ ਹੋ ਜਾਵੇ ਤਾਂ ਵੀ ਉਸ ਵਿੱਚੋਂ ਹਵਾ ਤੁਰੰਤ ਬਾਹਰ ਨਹੀਂ ਨਿਕਲਦੀ। ਇਸ ਲਈ ਸਫ਼ਰ ਵਿੱਚ ਵਿਘਨ ਨਹੀਂ ਪੈਂਦਾ। ਟਿਊਬਲੈੱਸ ਟਾਇਰ ਸਟੀਲ ਦੇ ਰਿਮਾਂ ਤੇ ਵੀ ਵਧੀਆ ਸਰਵਿਸ ਪ੍ਰਦਾਨ ਕਰਦੇ ਹਨ।
ਟਾਇਰ ਬਦਲਣ ਦਾ ਸਹੀ ਸਮਾਂ
ਆਮ ਤੌਰ ਤੇ ਟਾਇਰਾਂ ਨੂੰ 40,000 ਕਿਲੋਮੀਟਰ ਚੱਲਣ ਤੋਂ ਬਾਅਦ ਬਦਲਣਾ ਚਾਹੀਦਾ ਹੈ। ਜੇਕਰ ਤੁਸੀਂ ਅਜੇ ਵੀ ਮਹਿਸੂਸ ਕਰਦੇ ਹੋ ਕਿ ਟਾਇਰ ਚੰਗੀ ਹਾਲਤ ਵਿੱਚ ਹੈ, ਤਾਂ ਇਸਨੂੰ ਹੋਰ 10,000 ਕਿਲੋਮੀਟਰ ਤੱਕ ਵਰਤਿਆ ਜਾ ਸਕਦਾ ਹੈ। ਇਸ ਤੋਂ ਬਾਅਦ ਤੁਹਾਨੂੰ ਟਾਇਰ ਬਦਲ ਦੇਣੇ ਚਾਹੀਦੇ ਹਨ। ਵਾਹਨ ਨਿਯਮਾਂ ਦੇ ਅਨੁਸਾਰ, ਜੇਕਰ ਟਾਇਰ ਉਤੇ ਬਣੀ (ਗੁੱਡੀ) ਟਰੇਡ ਦੀ ਡੂੰਘਾਈ 1.6 ਮਿਲੀਮੀਟਰ ਤੋਂ ਘੱਟ ਰਹਿੰਦੀ ਹੈ ਤਾਂ ਟਾਇਰ ਨੂੰ ਬਦਲਿਆ ਜਾਣਾ ਚਾਹੀਦਾ ਹੈ। ਟਾਇਰਾਂ ਦੀ ਉਮਰ ਪੰਜ ਸਾਲ ਹੁੰਦੀ ਹੈ।
ਇਸ ਤਰ੍ਹਾਂ ਟਾਇਰਾਂ ਦਾ ਧਿਆਨ ਰੱਖੋ
ਜੇਕਰ ਤੁਸੀਂ ਰੋਜ਼ਾਨਾ 100 ਕਿਲੋਮੀਟਰ ਜਾਂ ਇਸ ਤੋਂ ਵੱਧ ਦੀ ਦੂਰੀ ਤੈਅ ਕਰਦੇ ਹੋ, ਤਾਂ ਤੁਹਾਨੂੰ ਹਰ ਤੀਜੇ ਜਾਂ ਚੌਥੇ ਦਿਨ ਟਾਇਰਾਂ ਵਿੱਚ ਹਵਾ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਤੁਹਾਨੂੰ ਸਿਰਫ ਓਨੀ ਹੀ ਹਵਾ ਭਰਾਉਣੀ ਚਾਹੀਦੀ ਹੈ ਜਿੰਨੀ ਕੰਪਨੀ ਵਲੋਂ ਦੱਸੀ ਗਈ ਹੈ। ਜ਼ਿਆਦਾ ਜਾਂ ਘੱਟ ਹਵਾ ਦੇ ਕਾਰਨ, ਟਾਇਰਾਂ ਦੀ ਕਾਰਗੁਜ਼ਾਰੀ ਵਿੱਚ ਕਮੀ ਆਉਂਦੀ ਹੈ। ਇਸ ਤੋਂ ਇਲਾਵਾ ਹਰ 5000 ਕਿਲੋਮੀਟਰ ਤੋਂ ਬਾਅਦ ਵ੍ਹੀਲ ਅਲਾਈਨਮੈਂਟ ਅਤੇ ਰੋਟੇਸ਼ਨ ਕੀਤੀ ਜਾਣੀ ਚਾਹੀਦੀ ਹੈ, ਇਸ ਨਾਲ ਟਾਇਰਾਂ ਦੀ ਕਾਰਗੁਜ਼ਾਰੀ ਵਧਦੀ ਹੈ।
ਵਾਹਨ ਨੂੰ ਓਵਰਲੋਡ ਨਾ ਕਰੋ
ਦੋ ਪਹੀਆ ਵਾਹਨ ਹੋਵੇ ਜਾਂ ਚਾਰ ਪਹੀਆ ਵਾਹਨ, ਓਵਰਲੋਡਿੰਗ ਕਦੇ ਵੀ ਨਹੀਂ ਕਰਨੀ ਚਾਹੀਦੀ। ਸਿਰਫ ਵਾਹਨ ਦੀ ਸਮਰੱਥਾ ਜਿੰਨਾ ਹੀ ਸਮਾਨ ਉਸ ਉਤੇ ਲੋਡ ਕਰੋ। ਕਿਉਂਕਿ ਓਵਰਲੋਡਿੰਗ ਨਾਲ ਵਾਹਨ ਦੀ ਕਾਰਗੁਜ਼ਾਰੀ ਅਤੇ ਟਾਇਰਾਂ ਉਤੇ ਮਾੜਾ ਪ੍ਰਭਾਵ ਪੈਂਦਾ ਹੈ।