ਗੁਜਰੇ 13 ਨਵੰਬਰ ਨੂੰ ਮੁਹਾਲੀ ਦੇ ਪਿੰਡ ਸੋਹਾਣਾ ਦੇ ਛੱਪੜ (ਟੋਭੇ) ਨੇੜੇ 23 ਸਾਲਾ ਲੜਕੀ ਨਸੀਬ ਦੀ ਲਾਸ਼ ਮਿਲੀ ਸੀ। ਹੁਣ ਇਸ ਮਾਮਲੇ ਵਿਚ ਨਵਾਂ ਮੋੜ ਆਇਆ ਹੈ। ਦਰਅਸਲ, ਪੰਜਾਬ ਪੁਲਿਸ ਦੀ ਨੌਕਰੀ ਤੋਂ ਕੱਢਿਆ ਗਿਆ ਇੱਕ ਸਹਾਇਕ ਸਬ-ਇੰਸਪੈਕਟਰ (ਏ.ਐਸ.ਆਈ.) ਔਰਤ ਦਾ ਕਤਲ ਕਰਕੇ ਉਸਦੀ ਲਾਸ਼ ਸੋਹਾਣਾ ਦੇ ਛੱਪੜ ਕੋਲ ਸੁੱਟ ਕੇ ਫਰਾਰ ਹੋ ਗਿਆ ਸੀ। ਪੋਸਟ ਮਾਰਟਮ ਰਿਪੋਰਟ ਮੁਤਾਬਕ ਨਸੀਬ ਦੀ ਮੌਤ ਗਰਦਨ ਦੇ ਫਰੈਕਚਰ ਕਾਰਨ ਹੋਈ ਹੈ। ਉਸ ਦਾ ਗਲਾ ਘੁੱਟਿਆ ਗਿਆ, ਜਿਸ ਕਾਰਨ ਗਲੇ ਦੀ ਹੱਡੀ ਟੁੱਟ ਗਈ। ਮ੍ਰਿਤਕ ਨਸੀਬ ਸਟਾਫ਼ ਨਰਸ ਸੀ।
ਦੋਸ਼ੀ ਦੀ ਪਛਾਣ ਮੋਹਾਲੀ ਪੁਲਿਸ ਦੇ ਬਰਖ਼ਾਸਤ ਏਐਸਆਈ ਰਸ਼ਪ੍ਰੀਤ ਸਿੰਘ ਵਜੋਂ ਹੋਈ ਹੈ। ਦੋਸ਼ੀ ਰਸ਼ਪ੍ਰੀਤ ਸਿੰਘ ਥਾਣਾ ਫੇਜ਼-8 ਵਿੱਚ ਤਾਇਨਾਤ ਸੀ। ਉਸ ਖ਼ਿਲਾਫ਼ ਡਕੈਤੀ ਦਾ ਕੇਸ ਦਰਜ ਹੋਣ ਮਗਰੋਂ ਉਸ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ। ਦੋਸ਼ੀ ਅਜੇ ਫਰਾਰ ਹੈ, ਜਿਸ ਦੀ ਪੁਲੀਸ ਵਲੋਂ ਭਾਲ ਕਰੀ ਜਾ ਰਹੀ ਹੈ। ਦੋਸ਼ੀ ਰਸ਼ਪ੍ਰੀਤ ਸਿੰਘ ਮੁਹਾਲੀ ਦੇ ਸੈਕਟਰ-80 ਦੇ ਵਿਚ ਪਰਿਵਾਰ ਨਾਲ ਰਹਿੰਦਾ ਹੈ। ਜਦੋਂ ਪੁਲੀਸ ਉਸ ਨੂੰ ਉਸ ਦੇ ਘਰ ਗ੍ਰਿਫ਼ਤਾਰ ਕਰਨ ਲਈ ਗਈ ਤਾਂ ਉਸ ਦੇ ਘਰ ਤਾਲਾ ਲੱਗਿਆ ਹੋਇਆ ਸੀ।
ਪਰਿਵਾਰ ਸਮੇਤ ਫ਼ਰਾਰ ਹੋਇਆ ਦੋਸ਼ੀ ਰਸ਼ਪ੍ਰੀਤ ਸਿੰਘ
ਦੋਸ਼ੀ ਰਸ਼ਪ੍ਰੀਤ ਸਿੰਘ ਖ਼ਿਲਾਫ਼ ਥਾਣਾ ਸੋਹਾਣਾ ਵਿਖੇ ਆਈਪੀਸੀ ਦੀ ਧਾਰਾ 302 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਡੀਐਸਪੀ ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਰਸ਼ਪ੍ਰੀਤ ਪਰਿਵਾਰ ਸਮੇਤ ਫਰਾਰ ਹੈ ਜਿਸ ਦੀ ਭਾਲ ਜਾਰੀ ਹੈ।
ਰਸ਼ਪ੍ਰੀਤ ਮ੍ਰਿਤਕ ਨਸੀਬ ਨਾਲ ਰਿਲੇਸ਼ਨਸ਼ਿਪ ‘ਚ ਸੀ
ਪੁਲਸ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਦੋਸ਼ੀ ਰਸ਼ਪ੍ਰੀਤ ਸਿੰਘ ਦੇ ਮ੍ਰਿਤਕ ਨਸੀਬ ਨਾਲ ਸਬੰਧ ਸਨ। ਰਸ਼ਪ੍ਰੀਤ ਪਹਿਲਾਂ ਤੋਂ ਹੀ ਵਿਆਹੀ ਹੋਇਆ ਸੀ, ਜਿਸ ਦਾ ਪਤਾ ਨਸੀਬ ਨੂੰ ਨਹੀਂ ਸੀ। ਪੁਲਿਸ ਨੂੰ ਮ੍ਰਿਤਕ ਨਸੀਬ ਦੇ ਮੋਬਾਈਲ ਤੋਂ ਦੋਵਾਂ ਦੀ ਚੈਟਿੰਗ ਮਿਲੀ ਹੈ, ਜਿਸ ਤੋਂ ਦੋਵਾਂ ਦੇ ਰਿਸ਼ਤੇ ਦਾ ਖੁਲਾਸਾ ਹੋਇਆ ਹੈ। ਦੂਜੇ ਪਾਸੇ ਰਸ਼ਪ੍ਰੀਤ ਨੇ ਹੀ ਉਸ ਦੀ ਲਾਸ਼ ਨੂੰ ਐਕਟਿਵਾ ‘ਤੇ ਛੱਪੜ ਨੇੜੇ ਸੁੱਟ ਦਿੱਤਾ ਸੀ, ਜਿਸ ਦਾ ਖੁਲਾਸਾ ਸੀਸੀਟੀਵੀ ਕੈਮਰੇ ‘ਚ ਹੋਇਆ ਹੈ।
ਨਸੀਬ ਸੋਹਾਣਾ ‘ਚ ਪੀ.ਜੀ. ਰਹਿੰਦੀ ਸੀ
ਤੇਰਾਂ ਨਵੰਬਰ ਨੂੰ ਨਸੀਬ ਦੀ ਲਾਸ਼ ਇਕ ਰਾਹਗੀਰ ਨੇ ਸੋਹਾਣਾ ਛੱਪੜ ਦੇ ਨੇੜੇ ਦੇਖੀ ਸੀ। ਉਸ ਨੇ ਇਸ ਸਬੰਧੀ ਪੁਲੀਸ ਕੰਟਰੋਲ ਨੂੰ ਸੂਚਿਤ ਕੀਤਾ ਸੀ। ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਕਿ ਨਸੀਬ ਅਸਲ ਵਿੱਚ ਅਬੋਹਰ ਦੀ ਰਹਿਣ ਵਾਲੀ ਸੀ। ਨਸੀਬ ਜਿੰਦਲ ਹਸਪਤਾਲ, ਸੈਕਟਰ-5, ਪੰਚਕੂਲਾ ਵਿੱਚ ਸਟਾਫ ਨਰਸ ਸੀ। ਪਹਿਲਾਂ ਉਹ ਗ੍ਰੇਸ਼ੀਅਨ ਸੁਪਰ ਸਪੈਸ਼ਲਿਟੀ ਹਸਪਤਾਲ, ਮੋਹਾਲੀ ਵਿੱਚ ਕੰਮ ਕਰਦੀ ਸੀ। ਨਸੀਬ ਆਪਣੀ ਮੌਤ ਤੋਂ 15 ਦਿਨ ਪਹਿਲਾਂ ਹੀ ਮੋਹਾਲੀ ਰਹਿਣ ਆਈ ਸੀ ਅਤੇ ਉਹ ਇੱਥੇ ਪੀ.ਜੀ ਵਿਚ ਰਹਿੰਦੀ ਸੀ।
ਲਾਸ਼ ਕੋਲ ਮਿਲਿਆ ਸੀ ਨਸੀਬ ਦਾ ਮੋਬਾਈਲ
ਮੋਹਾਲੀ ‘ਚ ਨਸੀਬ ਹਿਮਾਚਲ ਦੇ ਸ਼ਿਮਲਾ ਦੀ ਰਹਿਣ ਵਾਲੀ ਆਪਣੀ ਸਹੇਲੀ ਨਾਲ ਸੋਹਾਣਾ ਦੇ ਪੀਜੀ ‘ਚ ਰਹਿੰਦਾ ਸੀ। ਘਟਨਾ ਵਾਲੇ ਦਿਨ ਉਸ ਨੇ ਆਪਣੀ ਸਹੇਲੀ ਨੂੰ ਦੱਸਿਆ ਸੀ ਕਿ ਉਸ ਦਾ ਇਕ ਰਿਸ਼ਤੇਦਾਰ ਬੀਮਾਰ ਹੈ, ਜਿਸ ਨੂੰ ਉਹ ਦਵਾਈ ਦੇਣ ਜਾ ਰਹੀ ਹੈ। ਇਸ ਤੋਂ ਬਾਅਦ ਨਸੀਬ ਨੇ ਆਪਣੀ ਸਹੇਲੀ ਦਾ ਫੋਨ ਨਹੀਂ ਚੁੱਕਿਆ। ਪੁਲੀਸ ਨੇ ਨਸੀਬ ਦੀ ਲਾਸ਼ ਕੋਲੋਂ ਉਸ ਦਾ ਮੋਬਾਈਲ ਫੋਨ ਬਰਾਮਦ ਕਰ ਲਿਆ ਸੀ, ਜਿਸ ਕਾਰਨ ਮਾਮਲੇ ਦਾ ਖੁਲਾਸਾ ਹੋਇਆ ਹੈ।