ਚੰਡੀਗੜ੍ਹ ਦੇ ਬੁੜੈਲ ਵਿਚ ਪ੍ਰੇਮ ਸਬੰਧਾਂ ‘ਚ ਲੜਕੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਨੇ ਦੋਸ਼ੀ ਮੁਹੰਮਦ ਸ਼ਰੀਕ ਉਮਰ 25 ਸਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਹੰਮਦ ਸ਼ਰੀਕ ਵਾਸੀ ਪਿੰਡ ਬੇਲਾ ਜਿਲ੍ਹਾ ਮਧੂਬਨੀ ਬਿਹਾਰ ਨੇ ਹਰਦੋਈ ਜ਼ਿਲ੍ਹਾ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ 18 ਸਾਲਾ ਮਮਤਾ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇਸ ਮਾਮਲੇ ਵਿਚ ਮ੍ਰਿਤਕਾ ਦੀ ਮਾਂ ਨੇ ਦੋਸ਼ੀ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਸੈਕਟਰ-34 ਥਾਣੇ ਦੀ ਪੁਲੀਸ ਨੇ ਦੋਸ਼ੀ ਖ਼ਿਲਾਫ਼ ਕਤਲ ਦੀ ਧਾਰਾ ਤਹਿਤ ਕੇਸ ਦਰਜ ਕਰ ਲਿਆ ਹੈ।
ਇਸ ਮਾਮਲੇ ਦੀ ਜਾਂਚ ਪੜਤਾਲ ਵਿੱਚ ਪੁਲੀਸ ਨੂੰ ਪਤਾ ਲੱਗਿਆ ਸੀ ਕਿ ਦੋਸ਼ੀ ਮੁਹੰਮਦ ਸ਼ਰੀਕ ਤਿੰਨ ਸਾਲ ਪਹਿਲਾਂ ਚੰਡੀਗੜ੍ਹ ਆਇਆ ਸੀ। ਇਥੇ ਉਹ ਫੂਡ ਡਿਲੀਵਰੀ ਦਾ ਕੰਮ ਕਰਦਾ ਸੀ। ਢਾਈ ਸਾਲ ਪਹਿਲਾਂ ਉਹ ਬੁੜੈਲ ਵਿਖੇ ਆਪਣੇ ਪਰਿਵਾਰ ਸਮੇਤ ਰਹਿੰਦੀ ਲੜਕੀ ਦੇ ਘਰ ਦੇ ਸਾਹਮਣੇ ਕਿਰਾਏ ਤੇ ਰਹਿਣ ਲਈ ਆਇਆ ਸੀ। ਇਸ ਦੌਰਾਨ ਦੋਹਾਂ ਦੀ ਮੁਲਾਕਾਤ ਹੋਈ ਸੀ। ਦੋਵਾਂ ‘ਚ ਦੋਸਤੀ ਹੋ ਗਈ ਅਤੇ ਪ੍ਰੇਮ ਸਬੰਧ ਸ਼ੁਰੂ ਹੋ ਗਏ ਸਨ।
ਪਹਿਲਾਂ ਹੀ ਦੋਸ਼ੀ ਦਾ ਵਿਆਹ ਹੋਇਆ ਸੀ ਜਿਸ ਕਾਰਨ ਦੂਰ ਹੋਈ ਲੜਕੀ
ਪਹਿਲਾਂ ਹੀ ਸ਼ਰੀਕ ਦਾ ਵਿਆਹ ਹੋਇਆ ਸੀ। ਇਸ ਬਾਰੇ ਪਤਾ ਲੱਗਣ ਤੇ ਲੜਕੀ ਨੇ ਕਰੀਬ ਛੇ ਮਹੀਨੇ ਪਹਿਲਾਂ ਸ਼ਰੀਕ ਨਾਲ ਗੱਲ ਕਰਨ ਅਤੇ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਦੋਸ਼ੀ ਨੇ ਉਸ ਦਾ ਪਿੱਛਾ ਕਰਕੇ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਡੇਢ ਮਹੀਨਾ ਪਹਿਲਾਂ ਉਸ ਨੇ ਆਪਣੀ ਮਾਂ ਨੂੰ ਸ਼ਰੀਕ ਬਾਰੇ ਦੱਸਿਆ ਅਤੇ ਕਿਹਾ ਕਿ ਉਹ ਉਸ ਨੂੰ ਪ੍ਰੇਸ਼ਾਨ ਕਰ ਰਿਹਾ ਸੀ। ਇਸ ਤੇ ਮਾਂ ਨੇ ਵੀ ਸ਼ਰੀਕ ਨੂੰ ਆਪਣੀ ਬੇਟੀ ਤੋਂ ਦੂਰ ਰਹਿਣ ਲਈ ਕਿਹਾ।
ਲੜਕੀ ਵੱਲੋਂ ਫੋਨ ਚੁੱਕਣਾ ਬੰਦ ਕਰਨ ਅਤੇ ਦੂਰ ਜਾਣ ਦੀ ਗੱਲ ਕਰਨ ਤੇ ਗੁੱਸੇ ਵਿਚ ਆ ਕੇ ਦੋਸ਼ੀ ਨੇ ਉਸ ਦੇ ਘਰ ਅੰਦਰ ਦਾਖਲ ਹੋ ਕੇ ਉਸ ਦਾ ਕਤਲ ਕਰ ਦਿੱਤਾ। ਸ਼ਾਮ ਨੂੰ ਲੜਕੀ ਦੀ ਮਾਂ ਘਰ ਆਈ ਤਾਂ ਦੇਖਿਆ ਕਿ ਬੇਟੀ ਬੈੱਡ ਤੇ ਬੇਹੋਸ਼ ਪਈ ਸੀ। ਉਸਦਾ ਸਰੀਰ ਨੀਲਾ ਪਿਆ ਸੀ। ਉਸ ਨੇ ਇਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ।