ਪੰਜਾਬ ਦੇ ਜਿਲ੍ਹਾ ਫਰੀਦਕੋਟ ਦੇ ਸਾਦਿਕ ਨੇੜਲੇ ਪਿੰਡ ਡੋਡ ਵਿੱਚ ਇੱਕ ਨਵ-ਵਿਆਹੀ ਔਰਤ ਵੱਲੋਂ ਆਪਣੇ ਸਹੁਰੇ ਪਰਿਵਾਰ ਤੋਂ ਤੰਗ ਹੋ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਾਦਿਕ ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਪੀੜਤ ਅਕਾਸ਼ ਪੁੱਤਰ ਸਰੂਪ ਸਿੰਘ ਵਾਸੀ ਜੋਕ ਹਰੀਹਰ ਜ਼ਿਲ੍ਹਾ ਫਿਰੋਜ਼ਪੁਰ ਨੇ ਦੱਸਿਆ ਹੈ ਕਿ ਉਸ ਦੀ ਭੈਣ ਸਲਮਾ ਦਾ ਵਿਆਹ ਕਰੀਬ 10 ਮਹੀਨੇ ਪਹਿਲਾਂ ਪਿੰਡ ਡੋਡ ਦੇ ਰਹਿਣ ਵਾਲੇ ਜਸ਼ਨਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਨਾਲ ਹੋਇਆ ਸੀ। ਵਿਆਹ ਦੇ ਕਰੀਬ ਇਕ ਮਹੀਨੇ ਬਾਅਦ ਹੀ ਉਸ ਦੇ ਸਹੁਰਿਆਂ ਨੇ ਭੈਣ ਸਲਮਾ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ।
ਸਲਮਾ ਦਾ ਪਤੀ ਭਾਰਤੀ ਫੌਜ ਵਿੱਚ ਨੌਕਰੀ ਕਰਦਾ ਹੈ ਅਤੇ ਅਸਾਮ ਵਿੱਚ ਡਿਊਟੀ ਕਰਦਾ ਹੈ। ਜਦੋਂ ਵੀ ਉਹ ਛੁੱਟੀ ਤੇ ਆਉਂਦਾ ਸੀ ਤਾਂ ਆਪਣੀ ਮਾਂ ਨਾਲ ਮਿਲ ਕੇ ਉਸ ਦੀ ਭੈਣ ਨੂੰ ਮਾਰਦਾ ਕੁੱਟਦਾ ਸੀ ਅਤੇ ਪੈਸਿਆਂ ਦੀ ਮੰਗ ਕਰਦਾ ਸੀ, ਜਿਸ ਸਬੰਧੀ ਮੇਰੀ ਭੈਣ ਸਲਮਾ ਨੇ ਸਾਨੂੰ ਫ਼ੋਨ ‘ਤੇ ਦੱਸਿਆ। ਉਨ੍ਹਾਂ ਦੱਸਿਆ ਕਿ ਜਸ਼ਨਪ੍ਰੀਤ ਸਿੰਘ ਦੇ ਕਿਸੇ ਹੋਰ ਔਰਤ ਨਾਲ ਨਾਜਾਇਜ਼ ਸਬੰਧ ਸਨ। ਸਲਮਾ 4 ਮਹੀਨੇ ਦੀ ਗਰਭਵਤੀ ਸੀ। ਸਲਮਾ ਦਾ ਫ਼ੋਨ ਆਉਣ ਤੇ ਜਦੋਂ ਮੈਂ ਉਸ ਦੇ ਸਹੁਰੇ ਘਰ ਗਿਆ ਤਾਂ ਵਿਹੜੇ ‘ਚ ਕੋਈ ਨਜ਼ਰ ਨਹੀਂ ਆਇਆ। ਜਦੋਂ ਮੈਂ ਆਪਣੀ ਭੈਣ ਸਲਮਾ ਦੇ ਕਮਰੇ ਵਿਚ ਗਿਆ ਤਾਂ ਉਸ ਦੀ ਲਾਸ਼ ਕਮਰੇ ਵਿਚ ਪੱਖੇ ਨਾਲ ਲਟਕ ਰਹੀ ਸੀ।
ਮੇਰੇ ਰੌਲਾ ਪਾਉਣ ਤੇ ਗੁਆਂਢ ਦੇ ਲੋਕ ਇਕੱਠੇ ਹੋ ਗਏ ਤਾਂ ਸਲਮਾ ਦੀ ਲਾਸ਼ ਨੂੰ ਪੱਖੇ ਤੋਂ ਉਤਾਰ ਕੇ ਹੇਠਾਂ ਲਿਆਂਦਾ ਗਿਆ। ਤੁਰੰਤ ਸਲਮਾ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਮਾਮਲੇ ਸਬੰਧੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਸ ਨੇ ਮ੍ਰਿਤਕਾ ਦੇ ਭਰਾ ਦੇ ਬਿਆਨਾਂ ਦੇ ਆਧਾਰ ਤੇ ਪਤੀ ਅਤੇ ਸੱਸ ਖਿਲਾਫ ਮਾਮਲਾ ਦਰਜ ਕਰ ਲਿਆ ਅਤੇ ਸੱਸ ਨੂੰ ਗ੍ਰਿਫਤਾਰ ਕਰ ਲਿਆ ਹੈ।