ਇਹ ਦੁਖਦਾਈ ਖ਼ਬਰ ਜਿਲ੍ਹਾ ਲੁਧਿਆਣਾ ਤੋਂ ਸਾਹਮਣੇ ਆਈ ਹੈ। ਇਥੇਂ ਦੇ ਸਰਾਭਾ ਨਗਰ ਸਥਿਤ ਮਧੂਬਨ ਐਨਕਲੇਵ ‘ਚ ਸ਼ਨੀਵਾਰ ਰਾਤ ਕੰਮ ਤੋਂ ਘਰ ਪਰਤ ਰਹੇ ਇਕ ਵਪਾਰੀ ‘ਤੇ ਉਸ ਦੇ ਵੱਡੇ ਭਰਾ ਨੇ ਰਾਡ ਨਾਲ ਹਮਲਾ ਕਰ ਦਿੱਤਾ। ਸਿਰ ਵਿੱਚ ਡੂੰਘੀ ਸੱਟ ਲੱਗਣ ਦੇ ਕਾਰਨ ਉਸ ਦੀ ਮੌਤ ਹੋ ਗਈ। ਥਾਣਾ ਸਰਾਭਾ ਨਗਰ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਭਰਾਵਾਂ ਵਿਚਾਲੇ ਜਾਇਦਾਦ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਇਸ ਹਮਲੇ ਵਿੱਚ ਮਾਰੇ ਗਏ ਵਪਾਰੀ ਦੀ ਪਛਾਣ 50 ਸਾਲਾ ਰਾਜਵਿੰਦਰ ਸਿੰਘ ਵਾਸੀ ਮਧੂਬਨ ਐਨਕਲੇਵ ਵਜੋਂ ਹੋਈ ਹੈ।
ਇਸ ਮਾਮਲੇ ਸਬੰਧੀ ਰਾਜਵਿੰਦਰ ਸਿੰਘ ਦੀ ਪਤਨੀ ਰਮਨਦੀਪ ਕੌਰ ਨੇ ਦੱਸਿਆ ਹੈ ਕਿ ਪਤੀ ਰੋਜ਼ਾਨਾ ਦੀ ਤਰ੍ਹਾਂ ਰਾਤ ਨੂੰ ਕੰਮ ਤੋਂ ਘਰ ਪਰਤਿਆ ਸੀ। ਉਹ ਘਰ ਦਾ ਗੇਟ ਖੜਕਾ ਰਹੇ ਸਨ ਉਦੋਂ ਹੀ ਜੇਠ ਨੇ ਗੁੱਸੇ ਵਿਚ ਆ ਕੇ ਉਨ੍ਹਾਂ ‘ਤੇ ਰਾਡ ਨਾਲ ਹਮਲਾ ਕਰ ਦਿੱਤਾ। ਰਾਜਵਿੰਦਰ ਸਿੰਘ ਉੱਥੇ ਡਿੱਗ ਪਿਆ ਅਤੇ ਖੂਨ ਵਹਿਣ ਲੱਗਾ। ਉਨ੍ਹਾਂ ਅਤੇ ਗੁਆਂਢੀਆਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ। ਹਸਪਤਾਲ ‘ਚ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਦੱਸਿਆ। ਉਸ ਨੇ ਦੱਸਿਆ ਕਿ ਉਸ ਦੇ ਦੋਵੇਂ ਲੜਕੇ ਕੈਨੇਡਾ ਰਹਿੰਦੇ ਹਨ। ਉਹ ਅਤੇ ਉਸਦਾ ਪਤੀ ਘਰ ਦੀ ਉਪਰਲੀ ਮੰਜ਼ਿਲ ‘ਤੇ ਰਹਿੰਦੇ ਸਨ। ਜੇਠ ਦਾ ਪਰਿਵਾਰ ਹੇਠਲੀ ਮੰਜ਼ਿਲ ‘ਤੇ ਰਹਿੰਦਾ ਹੈ।
ਰਮਨਦੀਪ ਕੌਰ ਨੇ ਦੱਸਿਆ ਹੈ ਕਿ ਉਸ ਦਾ ਸਹੁਰਾ ਵੀ ਉਸ ਦੇ ਨਾਲ ਹੀ ਰਹਿੰਦਾ ਹੈ। ਕੁਝ ਸਾਲ ਪਹਿਲਾਂ ਸਹੁਰੇ ਨੇ ਵੱਡੇ ਪੁੱਤਰ ਨੂੰ ਬੇਦਖਲ ਕਰ ਦਿੱਤਾ ਸੀ। ਇਸ ਕਾਰਨ ਹੀ ਉਨ੍ਹਾਂ ਵਿਚਕਾਰ ਜਾਇਦਾਦ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ, ਇਸ ਸਬੰਧੀ ਥਾਣਾ ਸਰਾਭਾ ਨਗਰ ਦੇ ਇੰਚਾਰਜ ਅਮਨਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।