ਜਿਲ੍ਹਾ ਗੁਰਦਾਸਪੁਰ ਦੇ ਬਟਾਲਾ ਨੇੜਲੇ ਪਿੰਡ ਸ਼ੇਖੂਪੁਰਾ ਵਿੱਚ ਸੋਮਵਾਰ ਦੇਰ ਰਾਤ ਇੱਕ ਅਕਾਲੀ ਵਰਕਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਸ ਨੇ 24 ਘੰਟਿਆਂ ਦੇ ਅੰਦਰ ਹੀ ਮਾਮਲੇ ਦਾ ਖੁਲਾਸਾ ਕਰ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਦੋਸ਼ੀ ਅੰਮ੍ਰਿਤਪਾਲ ਸਿੰਘ ਮ੍ਰਿਤਕ ਅਜੀਤਪਾਲ ਸਿੰਘ ਦਾ ਦੋਸਤ ਹੈ। ਮਾਮੂਲੀ ਤਕਰਾਰ ਤੋਂ ਬਾਅਦ ਉਸ ਨੇ ਅਜੀਤਪਾਲ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ। ਬਾਅਦ ਵਿੱਚ ਪੁਲੀਸ ਤੋਂ ਬਚਣ ਲਈ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਚਲਾਉਣ ਦੀ ਕਹਾਣੀ ਘੜੀ ਗਈ। ਅੰਮ੍ਰਿਤਪਾਲ ਨੇ ਪੁਲਿਸ ਨੂੰ ਮਨਘੜਤ ਕਹਾਣੀ ਸੁਣਾਉਂਦੇ ਹੋਏ ਕਿਹਾ ਕਿ ਕੁਝ ਅਣਪਛਾਤੇ ਕਾਤਲਾਂ ਨੇ ਅਜੀਤਪਾਲ ‘ਤੇ ਗੋਲੀਆਂ ਚਲਾ ਦਿੱਤੀਆਂ।
ਸਾਹਮਣੇ ਆਇਆ ਕਤਲ ਦਾ ਕਾਰਨ
ਮੁੱਢਲੀ ਜਾਂਚ ਦੇ ਦੌਰਾਨ ਮੰਗਲਵਾਰ ਸਵੇਰੇ ਪਹਿਲਾਂ ਤਾਂ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਬਿਆਨਾਂ ‘ਤੇ ਅਣਪਛਾਤੇ ਹਮਲਾਵਰਾਂ ਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਸੀ। ਪਰ ਮੰਗਲਵਾਰ ਸ਼ਾਮ ਤੱਕ ਜਾਂਚ ਦੌਰਾਨ ਜਦੋਂ ਪੁਲਸ ਨੂੰ ਕੁਝ ਠੋਸ ਸਬੂਤ ਮਿਲੇ ਤਾਂ ਸਾਹਮਣੇ ਆਇਆ ਕਿ ਅਜੀਤਪਾਲ ਦਾ ਕਤਲ ਅੰਮ੍ਰਿਤਪਾਲ ਨੇ ਆਪਣੇ ਮੌਸੇਰੇ ਭਰਾ ਗੁਰਮੁਖ ਸਿੰਘ ਦੀ ਮਦਦ ਨਾਲ ਕੀਤਾ ਸੀ।
ਉਸ ਸਮੇਂ ਹੀ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਮੌਸੇਰੇ ਭਰਾ ਗੁਰਮੁੱਖ ਸਿੰਘ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਦਾ ਲਾਇਸੈਂਸੀ ਪਿਸਤੌਲ ਵੀ ਬਰਾਮਦ ਕਰ ਲਿਆ ਹੈ, ਜਿਸ ਨਾਲ ਉਸ ਨੇ ਅਜੀਤਪਾਲ ਸਿੰਘ ਦੇ ਸਿਰ ਦੇ ਗੋਲੀ ਮਾਰੀ ਸੀ। ਕਤਲ ਦਾ ਕਾਰਨ ਦੋਵਾਂ ਵਿਚਾਲੇ ਝਗੜਾ ਦੱਸਿਆ ਜਾ ਰਿਹਾ ਹੈ। ਅੰਮ੍ਰਿਤਪਾਲ ਦਾ ਕਹਿਣਾ ਹੈ ਕਿ ਅਜੀਤਪਾਲ ਉਸ ਨੂੰ ਕਹਿੰਦਾ ਸੀ ਕਿ ਉਹ ਆਪਣੇ ਰਿਸ਼ਤੇਦਾਰਾਂ ਨਾਲ ਮੇਲ ਮਿਲਾਪ ਕਿਉਂ ਰੱਖਦਾ ਹੈ, ਜਿਸ ਤੋਂ ਬਾਅਦ ਦੋਵਾਂ ‘ਚ ਝਗੜਾ ਹੋ ਗਿਆ।
ਦੋਸ਼ੀ ਦੇ ਹੋਟਲ ਵਿੱਚ ਹੋਈ ਸੀ ਬਹਿਸ
ਐਸਐਸਪੀ ਬਟਾਲਾ ਸਤਿੰਦਰ ਸਿੰਘ ਨੇ ਦੱਸਿਆ ਹੈ ਕਿ ਪਹਿਲਾਂ ਪੁਲੀਸ ਨੇ ਦੋਸ਼ੀ ਅੰਮ੍ਰਿਤਪਾਲ ਸਿੰਘ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਸੀ ਪਰ ਜਦੋਂ ਪੁਲੀਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਸੀਸੀਟੀਵੀ ਫੁਟੇਜ ਸਮੇਤ ਕੁਝ ਹੋਰ ਸਬੂਤ ਮਿਲੇ ਜਾਂਚ ਕਰਨ ‘ਤੇ ਪਤਾ ਲੱਗਾ ਕਿ ਅੰਮ੍ਰਿਤਪਾਲ ਸਿੰਘ ਹੀ ਅਜੀਤਪਾਲ ਸਿੰਘ ਦਾ ਕਾਤਲ ਹੈ। ਪੁਲੀਸ ਨੇ ਅੰਮ੍ਰਿਤਪਾਲ ਸਿੰਘ ਦਾ ਲਾਇਸੈਂਸੀ ਪਿਸਤੌਲ ਵੀ ਬਰਾਮਦ ਕਰ ਲਿਆ ਹੈ, ਜੋ ਵਾਰਦਾਤ ਵਿੱਚ ਵਰਤਿਆ ਗਿਆ ਸੀ।
ਉਨ੍ਹਾਂ ਦੱਸਿਆ ਕਿ ਸੋਮਵਾਰ ਰਾਤ ਨੂੰ ਗੁਰਮੁੱਖ ਸਿੰਘ ਦੇ ਹੋਟਲ ਵਿੱਚ ਦੋਵਾਂ ਧਿਰਾਂ ਵਿੱਚ ਬਹਿਸ ਹੋਈ ਜਿਸ ਤੋਂ ਬਾਅਦ ਝਗੜਾ ਇਸ ਹੱਦ ਤੱਕ ਵੱਧ ਗਿਆ ਕਿ ਅੰਮ੍ਰਿਤਪਾਲ ਸਿੰਘ ਨੇ ਅਜੀਤਪਾਲ ਦੇ ਸਿਰ ਵਿੱਚ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਐਸਐਸਪੀ ਨੇ ਅੱਗੇ ਦੱਸਿਆ ਕਿ ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਫਰਾਰ ਗੁਰਮੁਖ ਸਿੰਘ ਵੀ ਜਲਦ ਹੀ ਪੁਲਸ ਦੀ ਗ੍ਰਿਫਤ ‘ਚ ਹੋਵੇਗਾ।