ਇਹ ਦੁਖਦਾਈ ਖ਼ਬਰ ਪੰਜਾਬ ਦੇ ਜ਼ਿਲ੍ਹਾ ਪਟਿਆਲ, ਬਨੂੜ ਤੋਂ ਪ੍ਰਾਪਤ ਹੋਈ ਹੈ। ਇਥੋਂ ਦੇ ਥਾਣਾ ਬਨੂੜ ਅਧੀਨ ਪੈਂਦੇ ਪਿੰਡ ਧਰਮਗੜ੍ਹ ਦੇ 26 ਸਾਲਾ ਲਾਪਤਾ ਨੌਜਵਾਨ ਦੀ ਲਾਸ਼ ਨਹਿਰ ਵਿੱਚੋਂ ਮਿਲੀ ਹੈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਪਿੰਡ ਧਰਮਗੜ੍ਹ ਦੇ ਸਾਬਕਾ ਸਰਪੰਚ ਦਰਸ਼ਨ ਸਿੰਘ ਨੇ ਦੱਸਿਆ ਕਿ ਪਿੰਡ ਦੇ ਹੀ ਵਸਨੀਕ ਸ਼ਿੰਗਾਰਾ ਸਿੰਘ ਦੇ ਇਕਲੌਤੇ ਨੌਜਵਾਨ ਲੜਕੇ ਸਤਵਿੰਦਰ ਸਿੰਘ ਦਾ ਵਿਆਹ 21 ਨਵੰਬਰ ਨੂੰ ਹੋਇਆ ਸੀ ਅਤੇ ਉਹ 24 ਨਵੰਬਰ ਦਿਨ ਵੀਰਵਾਰ ਨੂੰ ਅਚਾਨਕ ਸ਼ੱਕੀ ਹਾਲਤ ‘ਚ ਮੋਟਰਸਾਈਕਲ ਸਮੇਤ ਲਾਪਤਾ ਹੋ ਗਿਆ ਸੀ।
ਜਦੋਂ ਸਤਵਿੰਦਰ ਸਿੰਘ ਵਾਪਸ ਘਰ ਨਾ ਪੁੱਜਿਆ ਤਾਂ ਉਸ ਦੇ ਰਿਸ਼ਤੇਦਾਰਾਂ ਨੇ ਉਸ ਦੇ ਮੋਬਾਈਲ ’ਤੇ ਫੋਨ ਕੀਤਾ, ਜਿਸ ਨੂੰ ਅੱਗੇ ਭਾਖੜਾ ਨਹਿਰ ਦੇ ਕੰਢੇ ਬੈਠੇ ਗੋਤਾਖੋਰਾਂ ਨੇ ਚੁੱਕ ਲਿਆ, ਜਿਨ੍ਹਾਂ ਦੱਸਿਆ ਕਿ ਮੋਟਰਸਾਈਕਲ ਅਤੇ ਮੋਬਾਈਲ ਨਹਿਰ ਦੇ ਕੰਢੇ ਪਏ ਹਨ। ਇਸ ਘਟਨਾ ਤੋਂ ਬਾਅਦ ਪਰਿਵਾਰ ‘ਚ ਮਾਤਮ ਛਾ ਗਿਆ। ਪਰਿਵਾਰਕ ਮੈਂਬਰਾਂ ਨੇ ਇਸ ਘਟਨਾ ਦੀ ਸੂਚਨਾ ਥਾਣਾ ਸਦਰ ਦੀ ਪੁਲੀਸ ਨੂੰ ਦਿੱਤੀ ਅਤੇ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ।
ਕਈ ਦਿਨ ਬੀਤ ਜਾਣ ਤੋਂ ਬਾਅਦ ਵੀ ਨੌਜਵਾਨ ਦਾ ਕੋਈ ਪਤਾ ਟਿਕਾਣਾ ਨਹੀਂ ਲੱਗਾ, ਅੱਜ ਸਵੇਰੇ ਉਨ੍ਹਾਂ ਨੂੰ ਫ਼ੋਨ ਆਇਆ ਕਿ ਮੰਡੋਲੀ ਨੇੜੇ ਲੰਘਦੀ ਨਹਿਰ ਵਿਚ ਇਕ ਨੌਜਵਾਨ ਦੀ ਲਾਸ਼ ਤੈਰ ਰਹੀ ਹੈ। ਜਦੋਂ ਗੋਤਾਖੋਰਾਂ ਵੱਲੋਂ ਲਾਸ਼ ਨੂੰ ਬਾਹਰ ਕੱਢਿਆ ਗਿਆ ਤਾਂ ਪਰਿਵਾਰਕ ਮੈਂਬਰਾਂ ਨੇ ਲਾਸ਼ ਦੀ ਪਛਾਣ ਕੀਤੀ ਤਾਂ ਇਹ ਸਤਵਿੰਦਰ ਸਿੰਘ ਦੀ ਹੀ ਲਾਸ਼ ਸੀ।
ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ। ਇਸ ਦੇ ਨਾਲ ਹੀ ਇਸ ਘਟਨਾ ਤੋਂ ਬਾਅਦ ਪਰਿਵਾਰ ਸਮੇਤ ਪੂਰੇ ਇਲਾਕੇ ‘ਚ ਸੋਗ ਦੀ ਲਹਿਰ ਫੈਲ ਗਈ। ਕੁਝ ਦਿਨ ਪਹਿਲਾਂ, ਜਿਸ ਘਰ ਵਿਚ ਵਿਆਹ ਦੀਆਂ ਸ਼ਹਿਨਾਈਆਂ ਵਜਾਈਆਂ ਜਾ ਰਹੀਆਂ ਸਨ, ਉਸੇ ਘਰ ਵਿਚ ਮਾਤਮ ਦੇਖ ਕੇ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ ਸਨ।