ਪੰਜਾਬ ਦੇ ਜਿਲ੍ਹਾ ਫ਼ਿਰੋਜ਼ਪੁਰ ਵਿਚ ਇਕ 15 ਸਾਲਾ ਨੌਜਵਾਨ ਦੀ ਪੁਲਸ ਨੂੰ ਦੇਖ ਕੇ ਭੱਜਣ ਦੌਰਾਨ ਨਦੀ ‘ਚ ਡੁੱਬਣ ਕਾਰਨ ਮੌਤ ਹੋ ਗਈ। ਪੁਲੀਸ ਤੇ ਗੰਭੀਰ ਦੋਸ਼ ਲਾਉਂਦਿਆਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਲਾਸ਼ ਨੂੰ ਪੁਲ ’ਤੇ ਰੱਖ ਕੇ ਧਰਨਾ ਲਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਮੱਲੂ ਮਾਛੀਕੇ ਦੇ ਵਸਨੀਕ ਗੁਰਦੇਵ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਕੁਲਵਿੰਦਰ ਸਿੰਘ ਆਪਣੇ ਦੋਸਤਾਂ ਬਲਵਿੰਦਰ ਸਿੰਘ ਅਤੇ ਅਮਰਜੀਤ ਸਿੰਘ ਸਮੇਤ ਸਕੂਲ ਤੋਂ ਪ੍ਰੀਖਿਆ ਦੇ ਕੇ ਆਇਆ ਸੀ। ਇਸ ਤੋਂ ਬਾਅਦ ਉਹ ਖੇਤਾਂ ‘ਚ ਚਾਹ ਫੜਾਉਣ ਚਲਾ ਗਿਆ। ਉਥੇ ਆਬਕਾਰੀ ਵਿਭਾਗ ਦੀ ਟੀਮ ਮੌਜੂਦ ਸੀ। ਸਟਾਫ ਨੇ ਇਨ੍ਹਾਂ ਬੱਚਿਆਂ ਨੂੰ ਬੁਲਾ ਕੇ ਪੁੱਛਿਆ ਕਿ ਉਹ ਇੱਥੇ ਕੀ ਕਰ ਰਹੇ ਹਨ।
ਜਦੋਂ ਮੁਲਾਜ਼ਮਾਂ ਨੇ ਬਲਵਿੰਦਰ ਸਿੰਘ ਨੂੰ ਡਾਂਗ ਮਾਰੀ ਤਾਂ ਅਮਰਜੀਤ ਡਰਦਾ ਹੋਇਆ ਭੱਜ ਗਿਆ। ਭੱਜਦੇ ਹੋਏ ਉਹ ਨਦੀ ਵਿੱਚ ਡਿੱਗ ਗਿਆ। ਬਲਵਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਨੇ ਸਟਾਫ਼ ਨੂੰ ਦੱਸਿਆ ਕਿ ਉਨ੍ਹਾਂ ਦਾ ਸਾਥੀ ਪਾਣੀ ਵਿੱਚ ਡਿੱਗ ਗਿਆ ਹੈ ਪਰ ਸਟਾਫ਼ ਨੇ ਉਨ੍ਹਾਂ ਦੀ ਇੱਕ ਨਾ ਸੁਣੀ ਅਤੇ ਉਨ੍ਹਾਂ ਨੂੰ ਜ਼ਬਰਦਸਤੀ ਥਾਣੇ ਲੈ ਗਏ। ਪੁਲੀਸ ਉਸ ਨੂੰ ਥਾਣਾ ਕਪੂਰਥਲਾ ਅਧੀਨ ਪੈਂਦੀ ਕਬੀਰਪੁਰ ਚੌਕੀ ਲੈ ਗਈ।
ਜਦੋਂ ਉਸ ਦੇ ਪਰਿਵਾਰਕ ਮੈਂਬਰ ਸੂਚਨਾ ਮਿਲਣ ਤੇ ਥਾਣੇ ਪੁੱਜੇ ਤਾਂ ਸਟਾਫ਼ ਨੇ ਕੁਲਵਿੰਦਰ ਸਿੰਘ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਅਤੇ ਕਿਹਾ ਕਿ ਬਲਵਿੰਦਰ ਸਿੰਘ ਨੂੰ ਅਜੇ ਛੱਡਿਆ ਨਹੀਂ ਜਾਵੇਗਾ। ਜਦੋਂ ਪਰਿਵਾਰਕ ਮੈਂਬਰਾਂ ਨੇ ਤੀਜੇ ਸਾਥੀ ਬਾਰੇ ਪੁੱਛਿਆ ਤਾਂ ਪੁਲੀਸ ਨੇ ਕਿਹਾ ਕਿ ਉਹ ਸਿਰਫ਼ ਦੋ ਵਿਅਕਤੀ ਲੈ ਕੇ ਆਏ ਹਨ, ਤੀਜੇ ਬਾਰੇ ਉਨ੍ਹਾਂ ਨੂੰ ਕੁਝ ਨਹੀਂ ਪਤਾ। ਜਦੋਂ ਕੁਲਵਿੰਦਰ ਸਿੰਘ ਨੇ ਥਾਣੇ ਤੋਂ ਬਾਹਰ ਆ ਕੇ ਉਨ੍ਹਾਂ ਨੂੰ ਸਾਰੀ ਗੱਲ ਦੱਸੀ ਤਾਂ ਉਨ੍ਹਾਂ ਨੂੰ ਅਮਰਜੀਤ ਸਿੰਘ ਦੇ ਡੁੱਬਣ ਬਾਰੇ ਪਤਾ ਲੱਗਾ।
ਪਰਿਵਾਰਕ ਮੈਂਬਰਾਂ ਨੇ ਪੁਲਿਸ ਤੇ ਕੋਈ ਗੱਲ ਨਾ ਸੁਣਨ ਦਾ ਦੋਸ਼ ਲਾਉਂਦਿਆਂ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਧਰਨਾ ਲਾ ਦਿੱਤਾ ਅਤੇ ਲਾਸ਼ ਨੂੰ ਸੁਲਤਾਨਪੁਰ ਲੋਹੀਆਂ ਦੇ ਗਿੱਦੜ ਪਿੰਡੀ ਪੁਲ ‘ਤੇ ਰੱਖ ਕੇ ਮੰਗ ਕੀਤੀ ਕਿ ਇਨਸਾਫ਼ ਮਿਲਣ ਤੱਕ ਧਰਨਾ ਨਹੀਂ ਹਟਾਇਆ ਜਾਵੇਗਾ। ਦੂਜੇ ਪਾਸੇ ਜਦੋਂ ਇਸ ਮਾਮਲੇ ਸਬੰਧੀ ਐੱਸ.ਪੀ.ਡੀ. ਹਰਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕਰਕੇ ਸੱਚਾਈ ਸਾਹਮਣੇ ਆਉਣ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।