ਪੰਜਾਬ ਦੇ ਜਿਲ੍ਹਾ ਅੰਮ੍ਰਿਤਸਰ ਵਿਚ ਇਕ ਨੌਜਵਾਨ ਨੇ ਨਸ਼ਾ ਕਰਨ ਤੋਂ ਰੋਕਣ ‘ਤੇ ਆਪਣੇ ਸਕੇ ਮਾਸੜ ਦਾ ਕਿਰਚ ਮਾਰ ਕੇ ਕਤਲ ਕਰ ਦਿੱਤਾ। ਇਲਾਕੇ ਦੇ ਲੋਕਾਂ ਨੇ ਦੋਸ਼ੀ ਨੂੰ ਕਾਬੂ ਕਰ ਲਿਆ ਅਤੇ ਉਸ ਨੂੰ ਦਰੱਖਤ ਨਾਲ ਬੰਨ੍ਹ ਦਿੱਤਾ। ਜਦੋਂ ਲੋਕ ਜ਼ਖਮੀ ਵਿਅਕਤੀ ਨੂੰ ਹਸਪਤਾਲ ਲਿਜਾਣ ਵਿਚ ਰੁੱਝ ਗਏ ਤਾਂ ਦੋਸ਼ੀ ਦਰੱਖਤ ਤੋਂ ਆਪਣੇ ਆਪ ਨੂੰ ਖੋਲ੍ਹ ਕੇ ਭੱਜ ਗਿਆ।
ਇਸ ਮਾਮਲੇ ਸਬੰਧੀ ਨਰਿੰਦਰ ਸਿੰਘ ਦੀ ਪਤਨੀ ਨੇ ਦੱਸਿਆ ਕਿ ਐਤਵਾਰ ਸਵੇਰੇ ਕਿਸੇ ਨੇ ਉਨ੍ਹਾਂ ਦੇ ਘਰ ਦਾ ਦਰਵਾਜ਼ਾ ਖੜਕਾਇਆ। ਜਦੋਂ ਨਰਿੰਦਰ ਸਿੰਘ ਨੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਉਸ ਦੀ ਭੈਣ ਦਾ ਲੜਕਾ ਗੁਰਬਿੰਦਰ ਸਿੰਘ ਉਰਫ ਗੋਪੀ ਵਾਸੀ ਗੱਗੜਭਾਣਾ ਖੜ੍ਹਾ ਸੀ। ਦਰਵਾਜ਼ਾ ਖੋਲ੍ਹਦੇ ਹੀ ਗੋਪੀ ਨੇ ਨਰਿੰਦਰ ਸਿੰਘ ‘ਤੇ ਚਾਕੂ ਨਾਲ 4-5 ਵਾਰ ਕੀਤੇ ਅਤੇ ਉਹ ਗੰਭੀਰ ਜ਼ਖਮੀ ਹੋ ਕੇ ਜ਼ਮੀਨ ਉਤੇ ਡਿੱਗ ਪਿਆ। ਇਹ ਦੇਖ ਕੇ ਇਲਾਕਾ ਨਿਵਾਸੀਆਂ ਨੇ ਦੋਸ਼ੀ ਨੂੰ ਕਾਬੂ ਕਰ ਲਿਆ ਅਤੇ ਉਸ ਨੂੰ ਇਕ ਦਰੱਖਤ ਨਾਲ ਬੰਨ੍ਹ ਦਿੱਤਾ, ਜਿੱਥੋਂ ਦੋਸ਼ੀ ਲੋਕਾਂ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਇਸ ਦੌਰਾਨ ਉਹ ਵੀ ਬਾਹਰ ਆ ਗਏ ਅਤੇ ਉਨ੍ਹਾਂ ਨੇ ਤੁਰੰਤ ਨਰਿੰਦਰ ਸਿੰਘ ਨੂੰ ਨਜ਼ਦੀਕੀ ਹਸਪਤਾਲ ਵਿਚ ਦਾਖਲ ਕਰਵਾਇਆ, ਜਿੱਥੇ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਗੋਪੀ ਨਸ਼ੇ ਦਾ ਆਦੀ ਹੈ ਅਤੇ ਨਰਿੰਦਰ ਸਿੰਘ ਉਸ ਨੂੰ ਨਸ਼ਾ ਕਰਨ ਤੋਂ ਰੋਕਦਾ ਸੀ। ਇਸ ਗੱਲ ਨੂੰ ਲੈ ਕੇ ਦੋਸ਼ੀ ਦੀ ਉਸ ਨਾਲ ਰੰਜਿਸ਼ ਸੀ ਅਤੇ ਐਤਵਾਰ ਸਵੇਰੇ ਘਰ ਆ ਕੇ ਦੋਸ਼ੀ ਨੇ ਕਿਰਚ ਨਾਲ ਹਮਲਾ ਕਰਕੇ ਨਰਿੰਦਰ ਸਿੰਘ ਦਾ ਕਤਲ ਕਰ ਦਿੱਤਾ।
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਮੌਕੇ ਤੇ ਪਹੁੰਚੇ ਡੀ.ਐਸ.ਪੀ ਬਾਬਾ ਬਕਾਲਾ ਹਰਕ੍ਰਿਸ਼ਨ ਸਿੰਘ ਨੇ ਘਟਨਾ ਸਥਾਨ ਦਾ ਮੁਆਇਨਾ ਕਰਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਕਾਨੂੰਨੀ ਕਾਰਵਾਈ ਕਰਦੇ ਹੋਏ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲੀਸ ਟੀਮ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।