ਇਹ ਦੁਖਦਾਈ ਖ਼ਬਰ ਪੰਜਾਬ ਦੇ ਜਿਲ੍ਹਾ ਸੰਗਰੂਰ ਤੋਂ ਸਾਹਮਣੇ ਆਈ ਹੈ। ਇੱਥੋਂ ਦੇ ਲੌਂਗੋਵਾਲ ਵਿੱਚ ਇੱਕ ਵਿਅਕਤੀ ਨੇ ਆਪਣੀ ਪਤਨੀ ਅਤੇ ਸਾਲੇ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਛਾਣ ਜਸਵੀਰ ਸਿੰਘ ਪੁੱਤਰ ਦਰਸ਼ਨ ਸਿੰਘ ਦੇ ਰੂਪ ਵਜੋਂ ਹੋਈ ਹੈ। ਇਸ ਮਾਮਲੇ ਸਬੰਧੀ ਥਾਣਾ ਲੌਂਗੋਵਾਲ ਦੇ ਮੁਖੀ ਬਲਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਜਸਵੀਰ ਸਿੰਘ ਦੀ ਮਾਤਾ ਗੁਰਮੇਲ ਕੌਰ ਨੇ ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਾਇਆ ਹੈ ਕਿ ਉਸ ਦੇ ਲੜਕੇ ਨੇ ਆਪਣੀ ਪਤਨੀ ਅਤੇ ਸਹੁਰਿਆਂ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਹੈ।
ਉਸ ਦਾ ਕਹਿਣਾ ਹੈ ਕਿ ਮੇਰੇ ਇਕਲੌਤੇ ਲੜਕੇ ਜਸਵੀਰ ਸਿੰਘ ਦੀ ਪਤਨੀ ਸਿਮਰਨਜੀਤ ਕੌਰ ਆਪਣੇ ਪੇਕੇ ਪਰਿਵਾਰ ਦੇ ਕਹਿਣ ‘ਤੇ ਉਸ ਨਾਲ ਲੜਾਈ-ਝਗੜਾ ਕਰਦੀ ਸੀ, ਜਿਸ ਕਾਰਨ ਉਹ ਸ਼ਰਾਬ ਪੀਣ ਦਾ ਆਦੀ ਹੋ ਗਿਆ ਸੀ। ਉਹ ਮਾਨਸਿਕ ਤੌਰ ‘ਤੇ ਵੀ ਪ੍ਰੇਸ਼ਾਨ ਰਹਿਣ ਲੱਗਾ। ਬੀਤੇ ਦਿਨ ਜਸਵੀਰ ਸਿੰਘ ਦੀ ਪਤਨੀ ਸਿਮਰਨਜੀਤ ਕੌਰ, ਉਸ ਦੇ ਸਾਲੇ ਰਵਿੰਦਰ ਸਿੰਘ ਉਰਫ਼ ਬਿੰਨੀ ਵਾਸੀ ਸੰਗਰੂਰ ਅਤੇ ਉਸ ਦੇ ਨਾਲ ਆਏ ਇੱਕ ਅਣਪਛਾਤੇ ਵਿਅਕਤੀ ਵੱਲੋਂ ਉਸ ਨਾਲ ਕੁੱਟਮਾਰ ਕੀਤੀ ਗਈ।
ਇਸ ਤੋਂ ਬਾਅਦ ਜਸਵੀਰ ਸਿੰਘ ਬਿਨਾਂ ਕੁਝ ਕਹੇ ਘਰੋਂ ਚਲਾ ਗਿਆ। ਇਸ ਦੌਰਾਨ ਜਸਵੀਰ ਸਿੰਘ ਨੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਕੀਤੀ, ਜਿਸ ਵਿਚ ਉਸ ਨੇ ਆਪਣੇ ਨਾਲ ਵਾਪਰੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਹਿਲਾਂ ਵਾਂਗ ਅੱਜ ਵੀ ਮੇਰਾ ਸਾਲਾ ਰਵਿੰਦਰ ਸਿੰਘ ਆਪਣੇ ਦੋਸਤ ਨਾਲ ਇੱਥੇ ਆਇਆ ਹੋਇਆ ਸੀ। ਇਨ੍ਹਾਂ ਤਿੰਨਾਂ ਨੇ ਮਿਲ ਕੇ ਪਹਿਲਾਂ ਹੀ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਮੇਰੀ ਕੁੱਟਮਾਰ ਕੀਤੀ, ਜਿਸ ਕਾਰਨ ਮੈਂ ਤੰਗ ਆ ਚੁਕਿਆ ਹਾਂ ਅਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਰਿਹਾ ਹਾਂ।
ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਮੇਰੇ ਲੜਕੇ ਜਸਵੀਰ ਸਿੰਘ ਦੀ ਵਾਇਰਲ ਹੋਈ ਵੀਡੀਓ ਬਾਰੇ ਪਤਾ ਲੱਗਦਿਆਂ ਹੀ ਅਸੀਂ ਤੁਰੰਤ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਜਸਵੀਰ ਸਿੰਘ ਦੀ ਭਾਲ ਦੇ ਦੂਜੇ ਦਿਨ ਉਸ ਦੀ ਲਾਸ਼ ਪਿੰਡ ਸਾਹੋਕੇ ਵਿੱਚ ਬਣੇ ਬਿਜਲੀ ਗਰਿੱਡ ਨੇੜੇ ਮਿਲੀ। ਦੂਜੇ ਪਾਸੇ ਪੁਲਸ ਨੇ ਮ੍ਰਿਤਕਾ ਦੀ ਮਾਤਾ ਦੇ ਬਿਆਨਾਂ ਦੇ ਆਧਾਰ ‘ਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ।