ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਜਗਰਾਓਂ ਕਸਬੇ ਵਿੱਚ ਇੱਕ ਸੁਨਿਆਰੇ ਦੀ ਦੁਕਾਨ ਵਿੱਚੋਂ ਉਸ ਦੇ ਕਾਰੀਗਰ ਨੇ 143 ਗ੍ਰਾਮ ਸੋਨਾ ਚੋਰੀ ਕਰ ਲਿਆ। ਸੋਨਾ ਚੋਰੀ ਕਰਨ ਵਾਲਾ ਦੋਸ਼ੀ ਦੀਪਕ ਦਾਸ ਕੋਲਕਾਤਾ ਦਾ ਰਹਿਣ ਵਾਲਾ ਹੈ। ਦੁਕਾਨਦਾਰ ਲਕਸ਼ਮਣ ਨੇ ਦੋਸ਼ੀ ਨੂੰ ਇਸ ਭਰੋਸੇ ‘ਤੇ ਰੱਖਿਆ ਸੀ ਕਿਉਂਕਿ ਲਕਸ਼ਮਣ ਵੀ ਕਲਕੱਤਾ ਦੇ ਹਾਵੜਾ ਡੋਮਚੂਰ ਪਿੰਡ ਦਾ ਰਹਿਣ ਵਾਲਾ ਹੈ।
ਇਸ ਮਾਮਲੇ ਸਬੰਧੀ ਲਕਸ਼ਮਣ ਨੇ ਦੱਸਿਆ ਹੈ ਕਿ ਉਸ ਕੋਲ ਕਈ ਦੁਕਾਨਾਂ ਵਾਲੇ ਗਹਿਣੇ ਬਣਾਉਣ ਦੇ ਲਈ ਆਉਂਦੇ ਰਹਿੰਦੇ ਹਨ। ਲਕਸ਼ਮਣ ਨੇ ਦੱਸਿਆ ਕਿ ਨਿਊ ਕੰਡਾ ਜਵੈਲਰਜ਼ ਦਾ 40 ਗ੍ਰਾਮ, ਹਰੀ ਜਵੈਲਰਜ਼ ਦਾ 25 ਗ੍ਰਾਮ, ਬੀਕੇ 25 ਗ੍ਰਾਮ, ਨਿਊ ਡਾਇਮੰਡ 25 ਗ੍ਰਾਮ ਅਤੇ ਲਕਸ਼ਮਣ ਦਾ 28 ਗ੍ਰਾਮ ਸੋਨਾ ਚੁਰਾਇਆ ਗਿਆ ਹੈ। ਇਸ ਦੌਰਾਨ ਜਦੋਂ ਉਸ ਨੇ ਦੇਖਿਆ ਕਿ ਦੁਕਾਨਦਾਰਾਂ ਦਾ ਸੋਨਾ ਘੱਟ ਰਿਹਾ ਹੈ ਤਾਂ ਉਸ ਨੇ ਦੁਕਾਨ ‘ਚ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ, ਜਿਸ ਤੋਂ ਬਾਅਦ ਇਸ ਸਾਰੇ ਮਾਮਲੇ ਦਾ ਖੁਲਾਸਾ ਹੋਇਆ।
CCTV ਵੀਡੀਓ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਦੋਸ਼ੀ ਚੋਰ ਦੀਪਕ ਦਾਸ ਕਿਸ ਤਰ੍ਹਾਂ ਬੜੀ ਸਫਾਈ ਨਾਲ ਸੋਨਾ ਚੋਰੀ ਕਰ ਰਿਹਾ ਹੈ। ਚੋਰੀ ਹੋਏ ਕੁੱਲ ਸੋਨੇ ਦੀ ਕੀਮਤ ਕਰੀਬ 7 ਲੱਖ ਰੁਪਏ ਹੈ। ਇਸ ਘਟਨਾ ਤੋਂ ਬਾਅਦ ਸ਼ਹਿਰ ਦੇ ਸਾਰੇ ਜਿਊਲਰਾਂ ਨੇ ਆਪਣੇ ਕਰਮਚਾਰੀਆਂ ਦੀ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ।
ਦੋਸ਼ੀ ਰਾਤੋ ਰਾਤ ਸ਼ਹਿਰ ਛੱਡ ਕੇ ਚਲਿਆ ਗਿਆ
ਇਹ ਘਟਨਾਂ ਜਗਰਾਓਂ ਦੇ ਨਲਕਿਆਂ ਵਾਲਾ ਚੌਕ ਦੀ ਹੈ। ਦੁਕਾਨ ਤੋਂ ਸੋਨਾ ਚੋਰੀ ਕਰਨ ਤੋਂ ਬਾਅਦ ਦੋਸ਼ੀ ਦੀਪਕ ਰਾਤੋ ਰਾਤ ਜਗਰਾਉਂ ਛੱਡ ਕੇ ਫਰਾਰ ਹੋ ਗਿਆ। ਇਸ ਸਬੰਧੀ ਐਸ.ਐਸ.ਪੀ ਜ਼ਿਲ੍ਹਾ ਲੁਧਿਆਣਾ ਦਿਹਾਤੀ ਹਰਜੀਤ ਸਿੰਘ ਨੂੰ ਪੀੜਤਾਂ ਨੇ ਸ਼ਿਕਾਇਤ ਦਿੱਤੀ। ਮਾਮਲੇ ਦੀ ਜਾਂਚ ਪੜਤਾਲ ਏਐਸਆਈ ਤਰਸੇਮ ਸਿੰਘ ਕਰ ਰਹੇ ਹਨ। ਪੁਲੀਸ ਨੇ ਘਟਨਾ ਵਾਲੀ ਥਾਂ ਤੋਂ CCTV ਫੁਟੇਜ ਕਬਜ਼ੇ ਵਿੱਚ ਲੈ ਲਈ ਹੈ। ਪੁਲੀਸ ਅਨੁਸਾਰ ਦੋਸ਼ੀ ਨੂੰ ਟ੍ਰੇਸ ਕਰਕੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।