ਬਜ਼ੁਰਗ ਦੁਕਾਨਦਾਰ ਦੀ ਦੁਕਾਨ ਵਿਚ ਭਿਆਨਕ ਹਾਦਸਾ, ਫਰਿੱਜ ਦਾ ਕੰਪ੍ਰੈਸਰ ਇਸ ਤਰ੍ਹਾਂ ਬਣ ਗਿਆ ਕਾਲ

Punjab

ਪੰਜਾਬ ਦੇ ਜਿਲ੍ਹਾ ਲੁਧਿਆਣਾ ਵਿਚ ਵੀਰਵਾਰ ਸਵੇਰੇ ਕਰਿਆਨੇ ਦੀ ਦੁਕਾਨ ‘ਚ ਰੱਖੇ ਫਰਿੱਜ ਦੇ ਕੰਪ੍ਰੈਸਰ ਵਿਚ ਧਮਾਕਾ ਹੋ ਗਿਆ। ਫਰਿੱਜ ਦੁਕਾਨ ਦੇ ਬਾਹਰ ਆ ਡਿੱਗਿਆ। ਬਜ਼ੁਰਗ ਦੁਕਾਨਦਾਰ ਮਹਿੰਦਰ ਪਾਲ ਦੀ ਵੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਤਾਰਾਂ ‘ਚ ਸ਼ਾਰਟ ਸਰਕਟ ਹੋਣ ਕਾਰਨ ਧਮਾਕਾ ਹੋਇਆ ਹੈ। ਇਸ ਦੇ ਨਾਲ ਹੀ ਦੁਕਾਨ ਨੂੰ ਅੱਗ ਲੱਗ ਗਈ। ਦੁਕਾਨਦਾਰ ਆਪਣੇ ਆਪ ਨੂੰ ਸੰਭਾਲ ਨਾ ਸਕਿਆ। ਉਸਦੇ ਕੱਪੜਿਆਂ ਨੂੰ ਅੱਗ ਲੱਗੀ ਹੋਈ ਸੀ। ਇਸ ਤੋਂ ਬਾਅਦ ਅੱਗ ਨੇ ਕੁਝ ਹੀ ਦੇਰ ‘ਚ ਪੂਰੀ ਦੁਕਾਨ ਦੇ ਸਮਾਨ ਨੂੰ ਆਪਣੀ ਲਪੇਟ ‘ਚ ਲੈ ਲਿਆ।

ਜੋਧੇਵਾਲ ਵੜੈਚ ਮਾਰਕੀਟ ‘ਚ ਅੱਗ

ਦੁਕਾਨ ‘ਚ ਅੱਗ ਅਤੇ ਬਲਾਸਟ ਦੀ ਘਟਨਾ ਲੁਧਿਆਣਾ ਵਿਚ ਕੈਲਾਸ਼ ਨਗਰ ਰੋਡ ਬਸਤੀ ਜੋਧੇਵਾਲ ਵੜੈਚ ਮਾਰਕੀਟ ਦੀ ਹੈ। ਦੁਕਾਨ ਵਿੱਚੋਂ ਧੂੰਆਂ ਆਦਿ ਨਿਕਲਦਾ ਦੇਖ ਕੇ ਇਲਾਕਾ ਵਾਸੀ ਇਕੱਠੇ ਹੋ ਗਏ। ਲੋਕਾਂ ਨੇ ਖੁਦ ਵੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਸਥਾਨਕ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਕੁਝ ਹੀ ਦੇਰ ‘ਚ ਮੌਕੇ ‘ਤੇ ਪਹੁੰਚ ਗਈਆਂ। ਦੁਕਾਨ ‘ਚ ਫਸੇ ਬਜ਼ੁਰਗ ਨੂੰ ਕਾਫੀ ਮੁਸ਼ੱਕਤ ਤੋਂ ਬਾਅਦ ਵੀ ਬਾਹਰ ਨਹੀਂ ਕੱਢਿਆ ਜਾ ਸਕਿਆ।

ਪੁਲਿਸ ਨੇ ਲਾਸ਼ ਲਈ ਕਬਜ਼ੇ ‘ਚ

ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਕੁਝ ਹੀ ਸਮੇਂ ‘ਚ ਅੱਗ ‘ਤੇ ਕਾਬੂ ਪਾ ਲਿਆ। ਦੁਕਾਨ ਨੂੰ ਲੱਗੀ ਅੱਗ ਤਾਂ ਬੁਝ ਗਈ ਪਰ ਦੁਕਾਨਦਾਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਹਿੰਦਰ ਪਾਲ ਉਮਰ 62 ਸਾਲ ਵਜੋਂ ਹੋਈ ਹੈ। ਮਹਿੰਦਰਪਾਲ ਦੀ ਕਰਿਆਨੇ ਦੀ ਦੁਕਾਨ ਦਾ ਨਾਂ ਗੁਰੂ ਨਾਨਕ ਕਰਿਆਨਾ ਸਟੋਰ ਸੀ। ਅੱਗ ਤੋਂ ਤੁਰੰਤ ਬਾਅਦ ਮਹਿੰਦਰਪਾਲ ਦੀ ਲਾਸ਼ ਨੂੰ ਬਾਹਰ ਕੱਢ ਲਿਆ ਗਿਆ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਇਜ਼ਾ ਲਿਆ। ਮਹਿੰਦਰਪਾਲ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ‘ਚ ਰਖਵਾਇਆ ਜਾ ਰਿਹਾ ਹੈ।

ਕੀ ਕਹਿਣਾ ਹੈ ਏਡੀਸੀਪੀ ਸਰਾਂ ਦਾ

ਏਡੀਸੀਪੀ ਰੁਪਿੰਦਰ ਕੌਰ ਸਰਾਂ ਨੇ ਘਟਨਾ ਵਾਲੀ ਥਾਂ ‘ਤੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਅੱਗ ਲੱਗਣ ਕਾਰਨ ਦੁਕਾਨਦਾਰ ਦੀ ਮੌਤ ਹੋ ਗਈ ਹੈ। ਅੱਗ ਲੱਗਣ ਦੇ ਕੀ ਸਨ ਕਾਰਨ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *