ਚੰਗੇ ਭਵਿੱਖ ਲਈ ਵਿਦੇਸ਼ ਗਏ ਪੰਜਾਬੀ ਨਾਲ ਵਾਪਰਿਆ ਹਾਦਸਾ, ਚਲੀ ਗਈ ਜਾਨ ਪਰਿਵਾਰਕ ਮੈਂਬਰਾਂ ਵਿਚ ਛਾਇਆ ਮਾਤਮ

Punjab

ਆਏ ਦਿਨ ਵਿਦੇਸ਼ਾਂ ਤੋਂ ਪੰਜਾਬੀਆਂ ਦੀ ਮੌਤ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਬੀਤੇ ਦਿਨ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਆਸਟ੍ਰੇਲੀਆ ਗਏ ਇੱਕ ਪੰਜਾਬੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਸੁਖਦੀਪ ਸਿੰਘ ਉਮਰ 34 ਸਾਲ ਦੇ ਰੂਪ ਵਜੋਂ ਹੋਈ ਹੈ, ਜੋ 2009 ਸਨ ਵਿੱਚ ਰੋਜੀ-ਰੋਟੀ ਕਮਾਉਣ ਲਈ ਆਸਟ੍ਰੇਲੀਆ ਗਿਆ ਸੀ।

ਇਸ ਘਟਨਾ ਸਬੰਧੀ ਮੋਗਾ ਦੇ ਪਿੰਡ ਤਾਤਰੀਆਵਾਲਾ ਦੇ ਰਹਿਣ ਵਾਲੇ ਉਸ ਦੇ ਚਾਚੇ ਦੇ ਲੜਕੇ ਨੇ ਦੱਸਿਆ ਕਿ ਸੁਖਦੀਪ ਸਿੰਘ ਆਪਣੇ ਸੁਨਹਿਰੀ ਭਵਿੱਖ ਲਈ ਵਿਦੇਸ਼ ਗਿਆ ਸੀ ਪਰ ਅਚਾਨਕ ਮਿਲੀ ਉਸ ਦੀ ਮੌਤ ਦੀ ਖਬਰ ਨੇ ਪੂਰੇ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਪਰਿਵਾਰ ਸਮੇਤ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਹੈ। ਜਦੋਂ ਕਿ ਇਸ ਹਾਦਸੇ ਵਿਚ ਉਸ ਦੇ 2 ਬੱਚਿਆਂ ਸਮੇਤ 4 ਹੋਰ ਜ਼ਖਮੀ ਹੋ ਗਏ।

ਜਾਣਕਾਰੀ ਅਨੁਸਾਰ ਜਦੋਂ ਸੁਖਦੀਪ ਆਪਣੀ ਪਤਨੀ ਅਤੇ 2 ਬੱਚਿਆਂ ਅਤੇ 1 ਦੋਸਤ ਨਾਲ ਵਿਕਟੋਰੀਆ ਸੂਬੇ ਦੇ ਪੱਛਮੀ ਉਪਨਗਰ ਮਾਊਂਟ ਕੋਟਰੇਲ ‘ਚ ਕਾਰ ‘ਚ ਸਵਾਰ ਹੋ ਕੇ ਜਾ ਰਿਹਾ ਸੀ ਉਸ ਸਮੇਂ ਇਹ ਘਟਨਾ ਵਾਪਰੀ ਹੈ। ਵਿਕਟੋਰੀਆ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਜਿਹਾ ਲਗਦਾ ਹੈ ਕਿ ਪੰਜ ਸਵਾਰੀਆਂ ਵਾਲਾ ਇਹ ਵਾਹਨ ਸ਼ਾਮ 4 ਵਜੇ ਤੋਂ ਬਾਅਦ ਡੋਹਰਟੀ ਰੋਡ ‘ਤੇ ਜਾ ਰਿਹਾ ਸੀ ਜਦੋਂ ਇਹ ਕ੍ਰੈਸ਼ ਹੋ ਗਿਆ ਅਤੇ ਕਈ ਪਲਟੀਆਂ ਖਾ ਗਿਆ। ਉਨ੍ਹਾਂ ਦੱਸਿਆ ਕਿ ਸੁਖਦੀਪ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਇਕ ਹੋਰ ਵਿਅਕਤੀ ਨੂੰ ਗੰਭੀਰ ਹਾਲਤ ‘ਚ ਹਸਪਤਾਲ ਲਿਜਾਇਆ ਗਿਆ। ਉਸ ਦੇ ਨਾਲ ਇੱਕ ਔਰਤ ਅਤੇ ਦੋ ਬੱਚਿਆਂ ਨੂੰ ਵੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਪੁਲਿਸ ਨੇ ਕਿਹਾ ਕਿ ਉਹ ਹਾਦਸੇ ਦੇ ਸਹੀ ਕਾਰਨਾਂ ਦੀ ਜਾਂਚ ਕਰ ਰਹੇ ਹਨ। ਵਿਕਟੋਰੀਆ ਦੀ ਕੋਰੋਨਰ ਕੋਰਟ ਵੱਲੋਂ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਦੁਰਘਟਨਾ ਦੇ ਚਸ਼ਮਦੀਦਾਂ ਜਾਂ ਡੈਸ਼ਕੈਮ ਫੁਟੇਜ ਜਾਂ ਕਿਸੇ ਵੀ ਵਿਅਕਤੀ ਨੂੰ ਦੁਰਘਟਨਾ ਬਾਰੇ ਜਾਣਕਾਰੀ ਦੇਣ ਲਈ ਉਨ੍ਹਾਂ ਨਾਲ ਸੰਪਰਕ ਕਰਨ ਦੀ ਅਪੀਲ ਕਰੀ ਹੈ।

ਇਸ ਦੌਰਾਨ, ਪਰਿਵਾਰ ਦੇ ਦੋਸਤਾਂ ਨੇ ਸੁਖਦੀਪ ਦੇ ਪਰਿਵਾਰਕ ਮੈਂਬਰਾਂ ਲਈ ਇੱਕ GoFundMe ਫੰਡਰੇਜ਼ਰ ਦਾ ਆਯੋਜਨ ਕੀਤਾ ਹੈ। ਉਹ ਉਸਦੇ ਮਾਤਾ-ਪਿਤਾ ਨੂੰ ਆਸਟ੍ਰੇਲੀਆ ਲਿਆਉਣ ਅਤੇ ਉਸਦੀ ਪਤਨੀ ਅਤੇ ਬੱਚਿਆਂ ਦਾ ਸਮਰਥਨ ਕਰਨ ਲਈ ਅੰਤਿਮ ਸੰਸਕਾਰ ਦੇ ਖਰਚਿਆਂ ਸਮੇਤ $100,000 ਇਕੱਠੇ ਕਰਨ ਦੀ ਉਮੀਦ ਕਰ ਰਹੇ ਹਨ। ਸੁਖਦੀਪ ਸਿੰਘ ਪਰਿਵਾਰ ਦਾ ਇਕਲੌਤਾ ਰੋਟੀ ਕਮਾਉਣ ਵਾਲਾ ਅਤੇ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।

Leave a Reply

Your email address will not be published. Required fields are marked *