ਪੰਜਾਬ ਦੇ ਜਿਲ੍ਹਾ ਬਠਿੰਡਾ ਦੀ ਖੇਤੀ ਸਿੰਘ ਬਸਤੀ ਵਿੱਚ ਲੁਟੇਰਿਆਂ ਨੇ ਕੁਹਾੜੀ ਨਾਲ ਮਾਂ ਅਤੇ ਪੁੱਤ ਦਾ ਕਤਲ ਕਰ ਦਿੱਤਾ ਹੈ। ਮਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਬੇਟੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਹ ਹਸਪਤਾਲ ਵਿੱਚ ਦਾਖਲ ਹੈ। ਸ਼ਨੀਵਾਰ ਦੇਰ ਰਾਤ ਲੁਟੇਰਿਆਂ ਨੇ ਘਰ ਵਿਚ ਦਾਖਲ ਹੋ ਕੇ ਦੋਹਾਂ ‘ਤੇ ਹਮਲਾ ਕਰ ਦਿੱਤਾ। ਦੋਸ਼ੀ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ। ਇਸ ਕਤਲ ਦਾ ਖੁਲਾਸਾ ਐਤਵਾਰ ਸਵੇਰੇ ਹੋਇਆ। ਸਹਾਰਾ ਜਨ ਟੀਮ ਦੇ ਮੈਂਬਰ ਸੰਦੀਪ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਤੁਰੰਤ ਮਹਿਲਾ ਮਧੁਰਾਣੀ ਸਮੇਤ ਜ਼ਖਮੀ ਨੌਜਵਾਨ ਵਿਕਾਸ ਨੂੰ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਔਰਤ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਹੈ। ਜਦਕਿ ਨੌਜਵਾਨ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ।
ਲੋਕਾਂ ਤੋਂ ਪੁੱਛਗਿੱਛ ਕਰ ਰਹੀ ਪੁਲਿਸ ਟੀਮ
ਇਸ ਘਟਨਾ ਦੀ ਸੂਚਨਾ ਮਿਲਣ ‘ਤੇ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਆਸਪਾਸ ਦੇ ਲੋਕਾਂ ਤੋਂ ਪੁੱਛਗਿੱਛ ਕਰਨ ਸਮੇਤ ਮੌਕੇ ਤੋਂ ਸਬੂਤ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਜ਼ਖ਼ਮੀ ਦੀ ਹਾਲਤ ਗੰਭੀਰ ਹੋਣ ਕਾਰਨ ਪੁਲੀਸ ਉਸ ਦੇ ਬਿਆਨ ਦਰਜ ਨਹੀਂ ਕਰ ਸਕੀ। ਮੁੱਢਲੀ ਜਾਂਚ ਮੁਤਾਬਕ ਮਾਮਲਾ ਲੁੱਟ ਦਾ ਜਾਪਦਾ ਹੈ। ਸਹਾਰਾ ਜਨ ਸੇਵਾ ਟੀਮ ਨੇ ਵੀ ਇਹ ਖਦਸ਼ਾ ਪ੍ਰਗਟਾਇਆ ਹੈ ਕਿ ਵਾਰਦਾਤ ਨੂੰ ਲੁੱਟ ਦੇ ਇਰਾਦੇ ਨਾਲ ਅੰਜਾਮ ਦਿੱਤਾ ਗਿਆ ਹੋ ਸਕਦਾ ਹੈ। ਹਾਲਾਂਕਿ ਬਠਿੰਡਾ ਪੁਲਿਸ ਡੂੰਘਾਈ ਨਾਲ ਜਾਂਚ ਪੜਤਾਲ ਵਿੱਚ ਜੁਟੀ ਹੋਈ ਹੈ।
ਐਸਐਸਪੀ ਦੇ ਅਲਰਟ ਦੇ ਬਾਵਜੂਦ ਹੈਰਾਨੀਜਨਕ ਗੱਲ ਇਹ ਹੈ ਕਿ ਉਪ ਰਾਸ਼ਟਰਪਤੀ ਜਗਦੀਪ ਧਨਖੜ ਅੱਜ ਬਾਅਦ ਦੁਪਹਿਰ ਬਠਿੰਡਾ ਦੇ ਭਿਸੀਆਣਾ ਏਅਰਪੋਰਟ ਪਹੁੰਚਣਗੇ। ਇਸ ਤੋਂ ਪਹਿਲਾਂ ਤਰਨਤਾਰਨ ਦੇ ਥਾਣੇ ‘ਤੇ ਹੋਏ ਆਰਪੀਜੀ ਹਮਲੇ ਤੋਂ ਬਾਅਦ ਐੱਸਐੱਸਪੀ ਬਠਿੰਡਾ ਜੇ. ਏਲੇਨਚੇਜਿਅਨ ਨੇ ਜ਼ਿਲ੍ਹੇ ਵਿੱਚ ਅਲਰਟ ਜਾਰੀ ਕੀਤਾ ਸੀ। ਇਸ ਦੇ ਨਾਲ ਹੀ ਸਾਰੇ ਸਟੇਸ਼ਨ ਐਸਐਚਓਜ਼ ਨੂੰ ਸੁਰੱਖਿਆ ਦੇ ਮੱਦੇਨਜ਼ਰ ਹੋਰ ਚੌਕਸ ਰਹਿਣ ਦੇ ਹੁਕਮ ਜਾਰੀ ਕੀਤੇ ਗਏ ਹਨ ਪਰ ਇਸ ਘਟਨਾ ਨੇ ਜ਼ਿਲ੍ਹਾ ਪੁਲੀਸ ਦੇ ਦਾਅਵਿਆਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਅਲਰਟ ‘ਤੇ ਹੋਣ ਦੇ ਬਾਵਜੂਦ ਇਸ ਕਤਲ ਕਾਰਨ ਇਲਾਕੇ ਦੇ ਲੋਕਾਂ ‘ਚ ਦਹਿਸ਼ਤ ਹੈ।