ਪੰਜਾਬ ਵਿਚ ਮੁਕਤਸਰ ਦੇ ਬਠਿੰਡਾ ਰੋਡ ‘ਤੇ ਪਿੰਡ ਸੰਘੂਧੌਣ ਨੇੜੇ ਇੱਕ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਸਵਾਰ ਪਿਓ ਤੇ ਪੁੱਤਰ ਨੂੰ ਦਰੜ ਦਿੱਤਾ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਪਿਓ-ਪੁੱਤ ਦੀ ਮੌਕੇ ਉਤੇ ਹੀ ਮੌਤ ਹੋ ਗਈ। ਹਾਦਸੇ ਦੌਰਾਨ ਮੋਟਰਸਾਈਕਲ ਨੂੰ ਵੀ ਅੱਗ ਲੱਗ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਪਿੰਡ ਕੋਟਲੀ ਅਬਲੂ ਦੇ ਰਹਿਣ ਵਾਲੇ ਵਕੀਲ ਸਿੰਘ ਉਮਰ 29 ਅਤੇ ਉਸ ਦਾ ਪਿਤਾ ਕਿਸ਼ਨ ਕੁਮਾਰ ਉਮਰ 55 ਮੰਗਲਵਾਰ ਸਵੇਰੇ ਕਿਸੇ ਕੰਮ ਦੇ ਲਈ ਮੁਕਤਸਰ ਆਏ ਸਨ।
ਦੋਵੇਂ ਜਣੇ ਕੰਮ ਨਿਪਟਾ ਕੇ ਕਰੀਬ ਇੱਕ ਵਜੇ ਆਪਣੇ ਮੋਟਰਸਾਈਕਲ ਤੇ ਪਿੰਡ ਵਾਪਸ ਆ ਰਹੇ ਸੀ। ਜਦੋਂ ਉਹ ਬਠਿੰਡਾ ਰੋਡ ਤੇ ਪਿੰਡ ਸੰਘੂਧੌਣ ਨੇੜੇ ਪਹੁੰਚੇ ਤਾਂ ਇੱਕ ਤੇਜ਼ ਰਫ਼ਤਾਰ ਐਕਸਯੂਵੀ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਦੋਵੇਂ ਪਿਓ ਤੇ ਪੁੱਤਰ ਬੇਸੁੱਧ ਹੋ ਕੇ ਤੜਫਦੇ ਰਹੇ, ਜਦਕਿ ਹਾਦਸੇ ਦੌਰਾਨ ਉਨ੍ਹਾਂ ਦੇ ਮੋਟਰਸਾਈਕਲ ਨੂੰ ਵੀ ਅੱਗ ਲੱਗ ਗਈ ਅਤੇ ਉਹ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਇਸ ਹਾਦਸੇ ਦੌਰਾਨ ਕਾਰ ਦੀ ਰਫ਼ਤਾਰ ਇੰਨੀ ਜ਼ਿਆਦਾ ਤੇਜ ਸੀ ਕਿ ਉਹ ਸੜਕ ਕਿਨਾਰੇ ਖੇਤਾਂ ਦੀ ਨਿਸ਼ਾਨਦੇਹੀ ਲਈ ਲੱਗੇ ਸੀਮਿੰਟ ਦੇ ਖੰਭਿਆਂ ਨੂੰ ਤੋੜਦੀ ਹੋਈ ਅੱਗੇ ਨਿਕਲ ਗਈ।
ਉੱਥੋਂ ਦੀ ਲੰਘ ਰਹੇ ਇੱਕ ਪੁਲੀਸ ਮੁਲਾਜ਼ਮ ਵਲੋਂ ਦੋਵਾਂ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਸਿਵਲ ਹਸਪਤਾਲ ਮੁਕਤਸਰ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਵਕੀਲ ਦਾ ਸੱਤ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। ਉਹ ਕਪੂਰਥਲਾ ਡਾਕਖਾਨੇ ਵਿੱਚ ਪੋਸਟਮੈਨ ਸੀ। ਹਾਦਸੇ ‘ਚ ਪਿਓ-ਪੁੱਤਰ ਦੀ ਮੌਤ ਤੋਂ ਬਾਅਦ ਪਰਿਵਾਰ ਵਿਚ ਕੁਝ ਦਿਨ ਪਹਿਲਾਂ ਆਈਆਂ ਖੁਸ਼ੀਆਂ ਵੀ ਗਮੀ ਵਿਚ ਬਦਲ ਗਈਆਂ ਅਤੇ ਪਰਿਵਾਰ ‘ਚ ਸੋਗ ਛਾ ਗਿਆ।
ਦੱਸਿਆ ਜਾ ਰਿਹਾ ਹੈ ਕਿ ਕਾਰ ਵਿੱਚ ਛੇ ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ ਤਿੰਨ ਲੜਕੇ ਅਤੇ ਤਿੰਨ ਲੜਕੀਆਂ ਸਨ। ਜੋ ਘਟਨਾ ਤੋਂ ਬਾਅਦ ਫਰਾਰ ਹੋ ਗਏ ਹਨ। ਥਾਣਾ ਸਦਰ ਦੇ ਇੰਚਾਰਜ ਜਗਸੀਰ ਸਿੰਘ ਨੇ ਦੱਸਿਆ ਕਿ ਅਜੇ ਤੱਕ ਮ੍ਰਿਤਕ ਦੇ ਵਾਰਸਾਂ ਦੇ ਬਿਆਨ ਨਹੀਂ ਲਏ ਗਏ ਹਨ। ਕਾਰ ਦੀ ਚੈਕਿੰਗ ਕਰਨ ‘ਤੇ ਕੋਈ ਵੀ ਦਸਤਾਵੇਜ਼ ਨਹੀਂ ਮਿਲਿਆ। ਘਟਨਾ ਤੋਂ ਬਾਅਦ ਕਾਰ ‘ਚ ਸਵਾਰ ਸਾਰੇ ਵਿਅਕਤੀ ਫਰਾਰ ਹੋ ਗਏ ਹਨ। ਉਹ ਕੌਣ ਸਨ ਅਤੇ ਕਿੱਥੇ ਗਏ ਇਸ ਬਾਰੇ ਪੂਰੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।