ਪੰਜਾਬ ਦੇ ਜਿਲ੍ਹਾ ਲੁਧਿਆਣਾ ਦੇ ਵਿੱਚ ਅੱਜ ਤੜਕਸਾਰ ਇੱਕ ਨਾਬਾਲਗ ਸਕੂਲ ਦੀ ਵਿਦਿਆਰਥਣ ਦਾ ਮ੍ਰਿਤਕ ਸਰੀਰ ਖੇਤਾਂ ਵਿੱਚੋਂ ਮਿਲਿਆ ਹੈ। ਸਵੇਰੇ ਸੈਰ ਕਰਦੇ ਸਮੇਂ ਇਕ ਰਾਹਗੀਰ ਨੇ ਮ੍ਰਿਤਕ ਸਰੀਰ ਨੂੰ ਖੇਤਾਂ ਵਿਚ ਪਿਆ ਦੇਖ ਕੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲੀ ਇਹ ਵਿਦਿਆਰਥਣ ਕੱਲ੍ਹ ਦੀ ਘਰ ਤੋਂ ਲਾਪਤਾ ਸਨ। ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥਣ ਕੱਲ੍ਹ ਪੇਪਰ ਦੇਣ ਦੇ ਲਈ ਘਰੋਂ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਵਿਦਿਆਰਥਣ 11ਵੀਂ ਜਮਾਤ ਵਿਚ ਪੜ੍ਹਦੀ ਸੀ।
ਲੱਭਣ ਲਈ ਕਾਫੀ ਕੋਸ਼ਿਸ਼ ਕੀਤੀ ਗਈ
ਜਦੋਂ ਲੜਕੀ ਦੁਪਹਿਰ ਤੱਕ ਘਰ ਵਾਪਸ ਨਹੀਂ ਪਰਤੀ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਲੱਭਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਸ ਦਾ ਕੁਝ ਪਤਾ ਵੀ ਨਹੀਂ ਲੱਗ ਸਕਿਆ। ਮਰਨ ਵਾਲੀ ਲੜਕੀ ਦਾ ਨਾਮ ਆਂਚਲ ਦੱਸਿਆ ਜਾ ਰਿਹਾ ਹੈ। ਇਹ ਵਿਦਿਆਰਥਣ ਇਲਾਕੇ ਦੇ ਹੀ ਇਕ ਸਰਕਾਰੀ ਸਕੂਲ ਵਿਚ ਪੜ੍ਹਦੀ ਸੀ।
ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲਿਆ
ਤੜਕੇ ਗਰੀਨ ਸਿਟੀ ਪਿੰਡ ਭਾਮੀਆਂ ‘ਚ ਸ਼ੱਕੀ ਹਾਲਾਤਾਂ ‘ਚ ਲਾਸ਼ ਮਿਲਣ ਤੋਂ ਬਾਅਦ ਇਲਾਕੇ ‘ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਥਾਣਾ ਜਮਾਲਪੁਰ ਦੀ ਪੁਲਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਮੋਰਚਰੀ ਵਿਚ ਰਖਵਾ ਦਿੱਤਾ ਹੈ। ਪੋਸਟ ਮਾਰਟਮ ਤੋਂ ਬਾਅਦ ਹੀ ਵਿਦਿਆਰਥਣ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ ਕਿ ਵਿਦਿਆਰਥਣ ਦੀ ਮੌਤ ਕਿਸੇ ਨੇ ਕੀਤੀ ਹੈ ਜਾਂ ਕਿਸੇ ਹੋਰ ਕਾਰਨ ਕਰਕੇ ਮੌਤ ਹੋਈ ਹੈ।
ਪੁਲਿਸ ਨੇ ਮ੍ਰਿਤਕ ਵਿਦਿਆਰਥਣ ਦੇ ਗਲੇ ‘ਤੇ ਨਿਸ਼ਾਨ ਦੇਖੇ
ਮ੍ਰਿਤਕ ਵਿਦਿਆਰਥਣ ਦੀ ਗਰਦਨ ਤੇ ਪੁਲਿਸ ਨੂੰ ਨਿਸ਼ਾਨ ਦਿਖੇ ਹਨ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਵਿਦਿਆਰਥਣ ਦਾ ਕਤਲ ਗਲਾ ਘੁੱਟ ਕੇ ਜਾਂ ਰੱਸੀ ਆਦਿ ਨਾਲ ਦਬਾ ਕੇ ਕੀਤਾ ਗਿਆ ਹੈ। ਫਿਲਹਾਲ ਪੁਲਿਸ ਇਸ ਮਾਮਲੇ ਨੂੰ ਸ਼ੱਕੀ ਮੰਨ ਕੇ ਚੱਲ ਰਹੀ ਹੈ। ਪੁਲੀਸ ਵੱਲੋਂ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਵੀ ਜਾਂਚਿਆ ਜਾ ਰਿਹਾ ਹੈ।