ਪੰਜਾਬ ਦੇ ਜਿਲ੍ਹਾ ਫਿਰੋਜ਼ਪੁਰ ਜੀਰਾ ਵਿਚ 13 ਸਾਲਾ ਮਾਸੂਮ ਜਸ਼ਨ ਦੇ ਕਤਲ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਜਾਣਕਾਰੀ ਮੁਤਾਬਕ ਜਸ਼ਨ ਦੇ ਜੀਜਾ ਨੇ ਜਸਨ ਦੀ ਦੂਜੀ ਭੈਣ ‘ਤੇ ਬੁਰੀ ਨਜ਼ਰ ਰੱਖਣ ਦੇ ਇਰਾਦੇ ‘ਚ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ 9 ਦਸੰਬਰ ਨੂੰ ਜੀਰਾ ਕੋਟ ਈਸੇ ਖਾਂ ਰੋਡ ‘ਤੇ ਸਥਿਤ ਇੱਕ ਪਰਿਵਾਰ ਦੇ ਚੇਤਰ ਸਿੰਘ ਦਾ 13 ਸਾਲਾ ਮਾਸੂਮ ਬੱਚਾ ਜਸਵਿੰਦਰ ਸਿੰਘ ਉਰਫ਼ ਜਸ਼ਨ ਸ਼ਾਮ ਨੂੰ ਲਾਪਤਾ ਹੋ ਗਿਆ ਸੀ, ਉਸ ਦਾ ਮ੍ਰਿਤਕ ਸਰੀਰ ਖੇਤ ਚੋਂ ਦੋ ਦਿਨ ਬਾਅਦ ਬਰਾਮਦ ਹੋਇਆ ਸੀ।
ਇਸ ਮਾਮਲੇ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਐੱਸ. ਐੱਸ. ਪੀ ਫਿਰੋਜ਼ਪੁਰ ਕੰਵਰਦੀਪ ਕੌਰ ਨੇ ਥਾਣਾ ਸਦਰ ਜੀਰਾ ਵਿਖੇ ਦੱਸਿਆ ਕਿ ਜ਼ਿਲਾ ਪੁਲਸ ਨੇ ਜੀਰਾ ਨਿਵਾਸੀ 13 ਸਾਲਾ ਮਾਸੂਮ ਜਸ਼ਨ ਦੇ ਕਤਲ ਕੇਸ ਨੂੰ ਸੁਲਝਾਉਣ ਲਈ ਮਾਮਲੇ ਦੀ ਹਰ ਪਹਿਲੂ ਦੀ ਗੰਭੀਰਤਾ ਨਾਲ ਜਾਂਚ ਕੀਤੀ। ਜਿਸ ਤੋਂ ਬਾਅਦ ਪੁਲਿਸ ਨੇ 14 ਦਸੰਬਰ ਨੂੰ ਕਾਤਲ ਦਾ ਸੁਰਾਗ ਲਗਾ ਲਿਆ ਸੀ। ਮਾਮਲੇ ਦੀ ਮੁਕੰਮਲ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਜਸਵਿੰਦਰ ਸਿੰਘ ਉਰਫ਼ ਜਸ਼ਨ ਦੀ ਇਕ ਭੈਣ ਜਸਪ੍ਰੀਤ ਸਿੰਘ ਪੁੱਤਰ ਸਰਬਣ ਸਿੰਘ ਵਾਸੀ ਦੌਲਤਪੁਰਾ ਨੀਵਾ ਜਿਲ੍ਹਾ ਮੋਗਾ ਨਾਲ ਹੋਇਆ ਸੀ ਅਤੇ ਉਹ ਮ੍ਰਿਤਕ ਦੀ ਦੂਜੀ ਭੈਣ ਨੋਰਾ ਤੇ ਬੁਰੀ ਨਜ਼ਰ ਰੱਖਦਾ ਸੀ। ਜਿਸ ਬਾਰੇ ਜਸ਼ਨ ਜਾਣਦਾ ਸੀ।
ਜਿਸ ਤੋਂ ਬਾਅਦ 9 ਦਸੰਬਰ ਨੂੰ ਉਕਤ ਜਸਪ੍ਰੀਤ ਸਿੰਘ ਆਪਣੇ ਨਾਬਾਲਗ ਸਾਲੇ ਜਸ਼ਨ ਨੂੰ ਮੋਟਰਸਾਈਕਲ ‘ਤੇ ਆਪਣੇ ਨਾਲ ਲੈ ਗਿਆ ਅਤੇ ਜਸਨ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਦੋਸ਼ੀ ਜਸਪ੍ਰੀਤ ਸਿੰਘ ਨੇ ਜਸ਼ਨ ਦਾ ਚਿਹਰਾ ਖਰਾਬ ਕਰਨ ਦੀ ਕੋਸ਼ਿਸ਼ ਵੀ ਕੀਤੀ। ਜਿਸ ਤੋਂ ਬਾਅਦ ਦੋਸ਼ੀ ਜਸਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਕੋਲੋਂ ਗਲਾ ਘੁੱਟਣ ਲਈ ਵਰਤੀ ਗਈ ਰੱਸੀ, ਵਾਰਦਾਤ ਦੌਰਾਨ ਦੋਸ਼ੀ ਵੱਲੋਂ ਪਹਿਨੇ ਕੱਪੜੇ ਅਤੇ ਮ੍ਰਿਤਕ ਦਾ ਮੋਬਾਈਲ ਫੋਨ ਬਰਾਮਦ ਕਰ ਲਿਆ ਗਿਆ ਹੈ।
ਇਸ ਤੋਂ ਇਲਾਵਾ ਪੁਲੀਸ ਵੱਲੋਂ ਉਸ ਕੋਲੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਕਾਤਲ ਨੂੰ ਅਦਾਲਤ ਵਿੱਚ ਪੇਸ਼ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦਵਾਉਣ ਦੀ ਅਪੀਲ ਕਰੇਗੀ। ਜ਼ਿਕਰਯੋਗ ਹੈ ਕਿ 13 ਸਾਲਾ ਜਸ਼ਨ 9 ਦਸੰਬਰ ਨੂੰ ਭੇਤਭਰੇ ਹਾਲਾਤਾਂ ‘ਚ ਘਰੋਂ ਲਾਪਤਾ ਹੋ ਗਿਆ ਸੀ। ਇਸ ਘਟਨਾ ਦੀ ਸ਼ਿਕਾਇਤ ਉਸ ਦੇ ਪਿਤਾ ਵੱਲੋਂ ਸਿਟੀ ਜੀਰਾ ਥਾਣੇ ਵਿੱਚ ਦਿੱਤੀ ਗਈ, ਜਿਸ ’ਤੇ ਪੁਲੀਸ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਕੇ ਇਸ਼ਤਿਹਾਰ ਜਾਰੀ ਕਰਕੇ ਲਾਪਤਾ ਲੜਕੇ ਦੀ ਭਾਲ ਲਈ ਯਤਨ ਸ਼ੁਰੂ ਕਰ ਦਿੱਤੇ ਸਨ। ਇਸੇ ਦੌਰਾਨ 11 ਦਸੰਬਰ ਨੂੰ ਲਾਪਤਾ ਹੋਏ ਜਸ਼ਨ ਦੀ ਲਾਸ਼ ਸ਼ਾਹਵਾਲਾ ਰੋਡ ਜੀਰਾ ਨੇੜੇ ਖੇਤਾਂ ਵਿੱਚੋਂ ਬਰਾਮਦ ਹੋਈ। ਇਸ ਸਬੰਧੀ ਉਸ ਦੇ ਪਿਤਾ ਚੇਤਰ ਸਿੰਘ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਪੰਜ ਦਿਨਾਂ ਬਾਅਦ ਉਸ ਦੇ ਕਾਤਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।