ਪੰਜਾਬ ਦੇ ਜਿਲ੍ਹਾ ਪਟਿਆਲਾ ਦੇ ਵਿੱਚ ਐਤਵਾਰ ਦੇਰ ਰਾਤ ਧੁੰਦ ਕਾਰਨ ਇੱਕ ਟਾਟਾ 407 ਗੱਡੀ ਸੜਕ ‘ਤੇ ਖੜ੍ਹੀ ਗੰਨੇ ਦੀ ਭਰੀ ਟਰਾਲੀ ਨਾਲ ਟਕਰਾ ਕੇ ਦਰੱਖਤ ਦੇ ਨਾਲ ਜਾ ਟਕਰਾਈ। ਇਸ ਹਾਦਸੇ ਵਿਚ ਟਾਟਾ 407 ਗੱਡੀ ‘ਚ ਸਵਾਰ ਤਿੰਨ ਵਿਆਕਤੀਆਂ ਦੀ ਮੌਤ ਹੋ ਗਈ, ਜਦਕਿ ਛੇ ਜਾਣੇ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਗੱਡੀ ਵਿਚੋਂ ਬਾਹਰ ਕੱਢਦੇ ਸਮੇਂ ਤੇਜ਼ ਰਫਤਾਰ ਅਣਪਛਾਤੇ ਵਾਹਨ ਨੇ ਦੋ ਹੋਰ ਵਿਅਕਤੀਆਂ ਨੂੰ ਕੁਚਲ ਦਿੱਤਾ। ਉਨ੍ਹਾਂ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ।
ਪੁਲੀਸ ਦੇ ਦੱਸਣ ਅਨੁਸਾਰ ਇਨ੍ਹਾਂ ਦੋ ਵਿਅਕਤੀਆਂ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ ਹੈ ਜਦੋਂਕਿ ਬਾਕੀ ਛੇ ਦਾ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ। ਇਹ ਹਾਦਸਾ ਨਾਭਾ ਸਦਰ ਥਾਣੇ ਅਧੀਨ ਪੈਂਦੇ ਪਿੰਡ ਹਰੀਗੜ੍ਹ ਦੇ ਨੇੜੇ ਵਾਪਰਿਆ। ਥਾਣਾ ਸਦਰ ਦੇ ਮੁਖੀ ਗੁਰਪ੍ਰੀਤ ਸਿੰਘ ਭਿੰਡਰ ਨੇ ਦੱਸਿਆ ਕਿ ਪੁਲੀਸ ਨੇ ਗੰਨੇ ਦੀ ਟਰਾਲੀ ਦੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਜੋ ਫਿਲਹਾਲ ਅਜੇ ਤੱਕ ਫਰਾਰ ਹੈ।
ਪੁਲਿਸ ਅਨੁਸਾਰ ਟਾਟਾ 407 ਗੱਡੀ ਵਿੱਚ ਸਵਾਰ ਵਿਅਕਤੀ ਐਤਵਾਰ ਰਾਤ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਲੰਗਰ ਦੀ ਸੇਵਾ ਕਰਕੇ ਸਵੇਰੇ ਕਰੀਬ 11.30 ਵਜੇ ਮਲੇਰਕੋਟਲਾ ਨੇੜੇ ਆਪਣੇ ਪਿੰਡ ਹਥਨ ਨੂੰ ਵਾਪਸ ਆ ਰਹੇ ਸਨ ਤਾਂ ਨਾਭਾ ਦੇ ਪਿੰਡ ਹਰੀਗੜ੍ਹ ਨੇੜੇ ਸੜਕ ਉਤੇ ਖੜ੍ਹੀ ਗੰਨੇ ਦੀ ਭਰੀ ਟਰਾਲੀ ਨਾਲ ਟਾਟਾ 407 ਦੀ ਟੱਕਰ ਹੋ ਗਈ। ਗੱਡੀ ਟਰਾਲੀ ਨਾਲ ਟਕਰਾਉਣ ਤੋਂ ਬਾਅਦ ਇਕ ਦਰੱਖਤ ਨਾਲ ਜਾ ਟਕਰਾਈ। ਇਸ ਹਾਦਸੇ ਵਿਚ ਸੁਰਿੰਦਰ ਸਿੰਘ, ਗੁਰਦੀਪ ਸਿੰਘ ਅਤੇ ਸ਼ੇਰ ਮੁਹੰਮਦ ਦੀ ਮੌਤ ਹੋ ਗਈ ਜਦਕਿ 6 ਹੋਰ ਲੋਕ ਜ਼ਖਮੀ ਹੋ ਗਏ।
ਇਨ੍ਹਾਂ ਜ਼ਖਮੀ ਹੋਏ ਲੋਕਾਂ ਨੂੰ ਗੱਡੀ ‘ਚੋਂ ਬਾਹਰ ਕੱਢਣ ਸਮੇਂ ਦੋ ਹੋਰ ਵਿਅਕਤੀ ਤੇਜ਼ ਰਫਤਾਰ ਵਾਹਨ ਦੀ ਲਪੇਟ ਵਿਚ ਆ ਗਏ। ਜ਼ਖ਼ਮੀਆਂ ਵਿੱਚ ਭਗਵਾਨ ਸਿੰਘ, ਡਰਾਈਵਰ ਚਮਕੌਰ ਸਿੰਘ ਸ਼ਾਮਲ ਹਨ। ਪਿੰਡ ਹਥਨ ਵਾਸੀ ਜਗਜੀਤ ਸਿੰਘ ਨੇ ਦੱਸਿਆ ਕਿ ਮਰਨ ਵਾਲੇ ਲੋਕ ਗਰੀਬ ਪਰਿਵਾਰਾਂ ਦੇ ਸਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੜਕ ਤੇ ਖੜ੍ਹੇ ਵਾਹਨਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਨਾਭਾ ਦੇ ਡੀਐਸਪੀ ਦਵਿੰਦਰ ਅੱਤਰੀ ਨੇ ਮੰਨਿਆ ਕਿ ਹਾਦਸਾ ਧੁੰਦ ਕਾਰਨ ਵਾਪਰਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੜਕ ਉਤੇ ਵਾਹਨਾਂ ਨੂੰ ਖੜ੍ਹੇ ਨਾ ਕਰਨ।