ਜਿਲ੍ਹਾ ਮੁਕਤਸਰ ਦੇ ਪਿੰਡ ਕੋਟਭਾਈ ਦੇ ਹਰਮਨਦੀਪ ਸਿੰਘ ਉਮਰ 20 ਸਾਲ ਨੂੰ ਅਗਵਾ ਕਰਕੇ ਹੱ ਤਿਆ ਕਰਨ ਦੇ ਮਾਮਲੇ ਦੀ ਜਾਂਚ ਜਾਰੀ ਹੈ। ਇਕ ਤੋਂ ਬਾਅਦ ਇਕ ਖੁਲਾਸੇ ਹੋ ਰਹੇ ਹਨ। ਜਦੋਂ ਪੁਲਿਸ ਹਰਮਨਦੀਪ ਸਿੰਘ ਦੇ ਕਤਲ ਦੇ ਮਾਸਟਰਮਾਈਂਡ ਨਵਜੋਤ ਸਿੰਘ ਨੂੰ ਪਿੰਡ ਭੁੱਲਰ ਲੈ ਕੇ ਗਈ ਤਾਂ ਉਥੋਂ ਪੁਲਿਸ ਨੂੰ ਇੱਕ ਮਨੁੱਖੀ ਪਿੰਜਰ ਬਰਾਮਦ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਕਤਲ ਪਿੱਛੇ ਵੀ ਨਵਜੋਤ ਦਾ ਹੱਥ ਹੈ।
ਪਿੰਜਰ ਦਾ ਡੀਐਨਏ ਟੈਸਟ ਕਰਵਾਉਣ ਦੀ ਮੰਗ
ਦੋਸ਼ੀ ਨਵਜੋਤ ਸਿੰਘ ਨੂੰ ਅਗਵਾ ਕਰਨ ਅਤੇ ਕਤਲ ਕਰਨ ਦੇ ਦੋਸ਼ ਵਿਚ ਬੀਤੇ ਐਤਵਾਰ ਨੂੰ ਲਖਨਊ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਲਗਾਤਾਰ ਨਵਜੋਤ ਤੋਂ ਪੁੱਛਗਿੱਛ ਕਰਨ ਵਿਚ ਲੱਗੀ ਹੋਈ ਹੈ। ਸੋਮਵਾਰ ਨੂੰ ਜਦੋਂ ਪੁਲਿਸ ਨਵਜੋਤ ਨੂੰ ਪਿੰਡ ਭੁੱਲਰ ਨੇੜੇ ਚੰਦਭਾਨ ਡਰੇਨ ਕੋਲ ਲੈ ਗਈ ਤਾਂ ਉਥੋਂ ਇੱਕ ਮਨੁੱਖੀ ਪਿੰਜਰ ਬਰਾਮਦ ਹੋਇਆ। ਦੱਸਿਆ ਜਾ ਰਿਹਾ ਹੈ ਕਿ ਇਹ ਮਨੁੱਖੀ ਪਿੰਜਰ ਪਿੰਡ ਗੁਰੀ ਸੰਘਰ ਦੇ ਰਹਿਣ ਵਾਲੇ ਨਿਰਮਲ ਸਿੰਘ ਦਾ ਹੈ।
ਨਿਰਮਲ ਸਿੰਘ ਨੂੰ 19 ਮਾਰਚ ਨੂੰ ਅਗਵਾ ਕੀਤਾ ਗਿਆ ਸੀ
ਉਸ ਦੇ ਰਿਸ਼ਤੇਦਾਰਾਂ ਨੇ ਮਨੁੱਖੀ ਪਿੰਜਰ ਦੀ ਜੁੱਤੀ ਤੋਂ ਨਿਰਮਲ ਸਿੰਘ ਦੀ ਪਛਾਣ ਕੀਤੀ ਹੈ। ਹੁਣ ਪਿੰਜਰ ਦਾ ਡੀਐਨਏ ਟੈਸਟ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ। ਪਿੰਜਰ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਸ ਦੇ ਸਿਰ ਤੇ ਤਿੱਖੇ ਹਥਿਆਰ ਨਾਲ ਵਾਰ ਕੀਤੇ ਗਏ ਸਨ ਅਤੇ ਫਿਰ ਮ੍ਰਿਤਕ ਸਰੀਰ ਨੂੰ ਰੱਸੀ ਨਾਲ ਘਸੀਟ ਕੇ ਨਾਲੇ ਕੋਲ ਸੁੱਟ ਦਿੱਤਾ ਗਿਆ ਸੀ। ਪਿੰਜਰ ਦੇ ਨੇੜਿਓਂ ਇੱਕ ਜੰਗਾਲ ਲੱਗੀ ਹੋਈ ਕੁਹਾੜੀ ਵੀ ਬਰਾਮਦ ਹੋਈ ਹੈ। ਨਿਰਮਲ ਸਿੰਘ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਨਿਰਮਲ ਦੇ ਅਗਵਾ ਕਰਨ ਦੇ ਮਾਮਲੇ ਵਿੱਚ ਉਹ 25 ਮਾਰਚ ਨੂੰ ਨਵਜੋਤ ਨੂੰ ਪੁਲਿਸ ਕੋਲ ਵੀ ਲੈ ਕੇ ਗਏ ਸਨ। ਪਰ ਪੁਲਿਸ ਨੇ ਪੁੱਛਗਿੱਛ ਤੋਂ ਬਾਅਦ ਉਸਨੂੰ ਛੱਡ ਦਿੱਤਾ ਸੀ।
ਹਰਮਨ ਅਤੇ ਨਿਰਮਲ ਦੀ ਹੱ ਤਿਆ ਪਿੱਛੇ ਮਾਸਟਰਮਾਈਂਡ ਹੋ ਸਕਦਾ ਨਵਜੋਤ
ਫਰੀਦਕੋਟ ਦੇ ਆਈਜੀਪੀ ਪੀਕੇ ਯਾਦਵ ਨੇ ਵੀ ਦਾਅਵਾ ਕੀਤਾ ਸੀ ਕਿ ਹਰਮਨ ਅਤੇ ਨਿਰਮਲ ਦੋਵਾਂ ਦੀ ਹੱ ਤਿਆ ਪਿੱਛੇ ਨਵਜੋਤ ਹੀ ਮਾਸਟਰਮਾਈਂਡ ਹੈ। ਹਰਮਨ ਦਾ ਕਤਲ ਕਰਨ ਤੋਂ ਬਾਅਦ ਨਵਜੋਤ 3 ਦਸੰਬਰ ਨੂੰ ਦੁਬਈ ਭੱਜ ਗਿਆ ਸੀ, ਪਰ ਜਦੋਂ ਉਹ ਲਖਨਊ ਦੇ ਰਸਤੇ ਵਾਪਸ ਆਇਆ ਤਾਂ ਉਸ ਨੂੰ ਏਅਰਪੋਰਟ ਤੋਂ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਗਿੱਦੜਬਾਹਾ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ ਸੀ ਜਿਸ ਤੋਂ ਬਾਅਦ ਕੋਰਟ ਨੇ ਉਸ ਨੂੰ ਅੱਠ ਦਿਨ ਦੀ ਪੁਲਸ ਹਿਰਾਸਤ ‘ਚ ਭੇਜ ਦਿੱਤਾ ਹੈ।
ਨਵਜੋਤ ਸਿੰਘ ਰਾਜਸਥਾਨ ਦੇ ਪਿੰਡ ਦੁੱਲਾਪੁਰ ਕੇਰੀ ਦਾ ਰਹਿਣ ਵਾਲਾ ਹੈ ਅਤੇ ਪਿੰਡ ਕੋਟਭਾਈ ਵਿੱਚ ਆਪਣੇ ਮਾਮੇ ਦੇ ਘਰ ਰਹਿੰਦਾ ਸੀ। ਉਹ ਨਿਰਮਲ ਸਿੰਘ ਦਾ ਰਿਸ਼ਤੇਦਾਰ ਹੈ। ਪੁਲਿਸ ਹੁਣ ਨਵਜੋਤ ਨੂੰ ਹਰਮਨ ਅਤੇ ਨਿਰਮਲ ਦੋਵਾਂ ਦੀ ਹੱ ਤਿਆ ਦਾ ਮਾਸਟਰਮਾਈਂਡ ਮੰਨ ਕੇ ਪੁੱਛਗਿੱਛ ਕਰਨ ਵਿਚ ਲੱਗੀ ਹੋਈ ਹੈ ਅਤੇ ਜਲਦ ਹੀ ਕੋਈ ਵੱਡਾ ਖੁਲਾਸਾ ਕਰ ਸਕਦੀ ਹੈ।