Punjab (ਪੰਜਾਬ) ਦੇ ਲੁਧਿਆਣਾ ਜ਼ਿਲ੍ਹੇ ਵਿੱਚ ਅੱਜ ਇੱਕ ਅਧਿਆਪਕਾ ਦੀ ਮੌ-ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਧੁੰਦ ਦੇ ਕਾਰਨ ਕਿਸੇ ਅਣਪਛਾਤੇ ਵਾਹਨ ਵਲੋਂ ਔਰਤ ਨੂੰ ਫੇਟ ਮਾਰ ਦਿੱਤੀ ਗਈ ਹੈ। ਮਹਿਲਾ ਅਧਿਆਪਕਾ ਦੀ ਮੌਕੇ ਉਤੇ ਹੀ ਮੌ ਤ ਹੋ ਗਈ। ਅਧਿਆਪਕਾ ਘਰ ਤੋਂ ਤਕਰੀਬਨ 35 ਕਿਲੋਮੀਟਰ ਦੀ ਦੂਰੀ ਤੇ ਸਰਕਾਰੀ ਸਕੂਲ ਪਿੰਡ ਰਾਜਪੁਰਾ ਰਾਜਪੂਤਾਂ ਵਿੱਚ ਕੰਪਿਊਟਰ ਅਧਿਆਪਕਾ ਵਜੋਂ ਕੰਮ ਕਰਦੀ ਸੀ।
ਉਹ ਰੋਜ਼ਾਨਾ ਦੀ ਤਰ੍ਹਾਂ ਅੱਜ ਆਪਣੇ ਘਰ ਦੁੱਗਰੀ ਭਾਈ ਹਿੰਮਤ ਸਿੰਘ ਨਗਰ ਤੋਂ ਆਪਣੀ ਐਕਟਿਵਾ ’ਤੇ ਸਕੂਲ ਨੂੰ ਪੜ੍ਹਾਉਣ ਲਈ ਜਾ ਰਹੀ ਸੀ। ਰਸਤੇ ਵਿੱਚ ਟਿੱਬਾ ਚੌਕ ਡੇਹਲੋਂ ਦੇ ਨੇੜੇ ਅਚਾਨਕ ਕਿਸੇ ਅਣਪਛਾਤੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ। ਔਰਤ ਨੂੰ ਆਪਣਾ ਬਚਾਅ ਕਰਨ ਦਾ ਮੌਕਾ ਨਹੀਂ ਮਿਲਿਆ। ਇਸ ਕਾਰਨ ਉਸ ਦੀ ਮੌਕੇ ‘ਤੇ ਹੀ ਜਾਨ ਚਲੀ ਗਈ। ਦੱਸਿਆ ਜਾ ਰਿਹਾ ਹੈ ਕਿ ਅਣਪਛਾਤਾ ਵਾਹਨ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਹੈ।
ਮਰਨ ਵਾਲੀ ਔਰਤ ਦੀ ਪਹਿਚਾਣ ਜਸਪਿੰਦਰ ਕੌਰ ਦੇ ਰੂਪ ਵਜੋਂ ਹੋਈ ਹੈ। ਜਸਪਿੰਦਰ ਕੌਰ ਦਾ ਪਤੀ ਕਾਰੋਬਾਰੀ ਹੈ। ਉਨ੍ਹਾਂ ਦੇ 2 ਬੱਚੇ ਹਨ। ਲੋਕਾਂ ਨੇ ਪਰਿਵਾਰ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ ਘਟਨਾ ਦੇ ਤੁਰੰਤ ਬਾਅਦ ਮੌਕੇ ‘ਤੇ ਮੌਜੂਦ ਲੋਕਾਂ ਨੇ ਔਰਤ ਦਾ ਪਛਾਣ ਪੱਤਰ ਆਦਿ ਦੇਖ ਕੇ ਪਰਿਵਾਰ ਅਤੇ ਪੁਲਸ ਨੂੰ ਸੂਚਿਤ ਕੀਤਾ। ਥਾਣਾ ਡੇਹਲੋਂ ਦੀ ਪੁਲੀਸ ਘਟਨਾ ਵਾਲੀ ਥਾਂ ਮੌਕੇ ’ਤੇ ਪੁੱਜ ਗਈ। ਪੁਲੀਸ ਸੜਕ ਤੇ ਲੱਗੇ ਸੀਸੀਟੀਵੀ ਕੈਮਰਿਆਂ ਆਦਿ ਦੀ ਜਾਂਚ ਪੜਤਾਲ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਸ ਅਣਪਛਾਤੇ ਵਾਹਨ ਦਾ ਨੰਬਰ ਟਰੇਸ ਕਰਨ ਵਿਚ ਲੱਗੀ ਹੋਈ ਹੈ।
ਪੁਲਿਸ ਨੇ ਮ੍ਰਿਤਕ ਸਰੀਰ ਨੂੰ ਆਪਣੇ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਕਿਸੇ ਅਣਪਛਾਤੇ ਵਾਹਨ ਦੀ ਟੱਕਰ ਨਾਲ ਜਸਪਿੰਦਰ ਕੌਰ ਦੇ ਸਿਰ ‘ਤੇ ਗੰਭੀਰ ਸੱਟ ਲੱਗ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਸਿਰ ਦੇ ਸੱਜੇ ਪਾਸੇ ‘ਤੇ ਸੱਟ ਲੱਗਣ ਕਾਰਨ ਔਰਤ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਇਸ ਮੰਦਭਾਗੀ ਘਟਨਾ ਤੋਂ ਬਾਅਦ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵਿੱਚ ਸੋਗ ਦੀ ਲਹਿਰ ਹੈ।