ਯੂਪੀ (UP) ਦੇ ਬਾਗਪਤ ਵਿਚ 5 ਦਿਨਾਂ ਤੋਂ ਗੁਆਚੇ ਲੜਕੇ ਸ਼ੌਰਿਆ ਦਾ ਮ੍ਰਿਤਕ ਸਰੀਰ ਪੁਲਸ ਨੇ ਮੰਗਲਵਾਰ ਨੂੰ ਟੋਏ ਵਿਚੋਂ ਬਰਾਮਦ ਕਰਿਆ। ਸ਼ੌਰਿਆ ਦੇ ਕਤਲ ਦਾ ਦੋਸ਼ ਉਸ ਦੇ ਚਾਚਾ, ਚਚੇਰੇ ਭਰਾ ਅਤੇ ਉਸ ਦੇ ਦੋਸਤ ਉਤੇ ਹੈ। ਜਿਨ੍ਹਾਂ ਨੇ ਦਾਦਾ ਜੀ ਦੀ ਪੈਨਸ਼ਨ ਦੀ ਰਕਮ ਹੜੱਪਣ ਲਈ ਪਹਿਲਾਂ ਬੱਚੇ ਸ਼ੌਰਿਆ ਨੂੰ ਅਗਵਾ ਕੀਤਾ ਅਤੇ ਫਿਰ ਬੇਰਹਿਮੀ ਨਾਲ ਖ਼ਤਮ ਕਰਕੇ ਮ੍ਰਿਤਕ ਸਰੀਰ ਨੂੰ ਟੋਏ ਵਿਚ ਛੁਪਾ ਦਿੱਤਾ। ਐਸਪੀ ਨੇ ਦੱਸਿਆ ਕਿ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਰਾਤ ਨੂੰ ਹੀ ਦੇਹ ਦਾ ਪੋਸਟਮਾਰਟਮ ਕਰਾਇਆ ਗਿਆ ਹੈ।
ਅਸਲ ਵਿਚ, 15 ਦਸੰਬਰ ਦੀ ਸ਼ਾਮ ਨੂੰ ਕੋਤਵਾਲੀ ਖੇਕੜਾ ਇਲਾਕੇ ਦੇ ਪਿੰਡ ਫਖਰਪੁਰ ਤੋਂ 6 ਸਾਲਾ ਸ਼ੌਰਿਆ ਨੂੰ ਅਗਵਾ ਕਰ ਲਿਆ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਲਗਾਤਾਰ ਬੱਚੇ ਦੀ ਭਾਲ ਕਰ ਰਹੀ ਸੀ। ਡਰੋਨ ਅਤੇ ਡੌਗ ਸਕੁਐਡ ਦੀ ਮਦਦ ਨਾਲ ਜੰਗਲਾਂ ਵਿਚ ਬੱਚੇ ਦੀ ਭਾਲ ਕੀਤੀ ਜਾ ਰਹੀ ਸੀ ਪਰ ਸ਼ੌਰਿਆ ਦਾ ਕੋਈ ਵੀ ਸੁਰਾਗ ਪਤਾ ਨਹੀਂ ਲੱਗਿਆ। ਪੁਲਿਸ ਨੇ ਸ਼ੱਕ ਦੇ ਆਧਾਰ ਉਤੇ ਸ਼ੌਰਿਆ ਦੇ ਚਾਚਾ ਵਿਨੀਤ ਪੁੱਤਰ ਇੰਦਰਪਾਲ, ਚਚੇਰੇ ਭਰਾ ਅਕਸ਼ਿਤ ਪੁੱਤਰ ਸੁਧੀਰ ਅਤੇ ਨੀਰਜ ਉਰਫ ਡੈਨੀ ਨੂੰ ਹਿਰਾਸਤ ‘ਚ ਲੈ ਲਿਆ। ਇਨ੍ਹਾਂ ਕੋਲੋਂ ਜਦੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਵਿਨੀਤ ਵਲੋਂ ਅਕਸ਼ਿਤ ਨਾਲ ਮਿਲ ਕੇ ਅਗਵਾ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ ਹੈ।
ਇਸ ਮਾਮਲੇ ਸਬੰਧੀ ਐੱਸਪੀ ਮੁਤਾਬਕ ਸ਼ੌਰਿਆ 15 ਦਸੰਬਰ ਦੀ ਸ਼ਾਮ ਟਿਊਸ਼ਨ ਤੋਂ ਘਰ ਵਾਪਸ ਆ ਰਿਹਾ ਸੀ। ਰਸਤੇ ਵਿੱਚ ਉਸ ਨੂੰ ਚਾਚਾ ਵਿਨੀਤ ਮਿਲਿਆ ਉਸ ਨੇ ਸ਼ੌਰਿਆ ਨੂੰ ਆਪਣੇ ਨਾਲ ਜਾਣ ਲਈ ਕਿਹਾ। ਸ਼ੌਰਿਆ ਨੂੰ ਮੋਟਰਸਾਈਕਲ ਤੇ ਬੈਠਣ ਦਾ ਬਹੁਤ ਸ਼ੌਕ ਸੀ। ਉਹ ਝੱਟ ਮੰਨ ਗਿਆ। ਵਿਨੀਤ ਨੇ ਕਿਹਾ ਚਲ ਅੱਜ ਮੈਂ ਤੈਨੂੰ ਮੋਟਰਸਾਈਕਲ ਦੀ ਲੰਬੀ ਸੈਰ ਕਰਵਾਉਂਦਾ ਹਾਂ। ਉਹ ਉਸ ਨੂੰ ਕਾਫੀ ਦੇਰ ਤੱਕ ਘੁਮਾਉਂਦਾ ਰਿਹਾ। ਫਿਰ ਕੁਝ ਸਮੇਂ ਬਾਅਦ ਵਿਨੀਤ ਦਾ ਭਤੀਜਾ ਅਕਸ਼ਿਤ ਅਤੇ ਉਸ ਦਾ ਦੋਸਤ ਡੈਨੀ ਉੱਥੇ ਆ ਗਏ। ਤਿੰਨਾਂ ਨੇ ਮਿਲ ਕੇ ਉਸ ਦੀ ਹੱ ਤਿਆ ਕਰ ਦਿੱਤੀ ਅਤੇ ਗੰਨੇ ਦੇ ਖੇਤ ਵਿੱਚ ਟੋਆ ਪੁੱਟ ਕੇ ਦੱਬ ਦਿੱਤਾ।
ਸ਼ੌਰਿਆ ਦਾ ਬਾਬਾ ਜਗਵੀਰ ਇੱਕ ਸਾਲ ਪਹਿਲਾਂ ਰਿਟਾਇਰ ਹੋਇਆ ਸੀ। ਉਸ ਨੂੰ ਸੇਵਾਮੁਕਤ ਹੋਣ ਤੇ 50 ਲੱਖ ਰੁਪਏ ਮਿਲੇ ਸਨ। ਇਸ ਪੈਸੇ ਨਾਲ ਉਸ ਨੇ ਕੁਝ ਜ਼ਮੀਨ ਖ੍ਰੀਦ ਕੀਤੀ ਸੀ। ਜਗਵੀਰ ਆਪਣੇ ਵੱਡੇ ਬੇਟੇ ਸੋਹਣਬੀਰ ਨਾਲ ਰਹਿੰਦਾ ਸੀ। ਯਾਨੀ ਕਿ ਸ਼ੌਰਿਆ ਦੇ ਪਿਤਾ ਨਾਲ। ਇਸੇ ਲਈ ਉਹ ਪੈਸੇ ਅਤੇ ਹੋਰ ਚੀਜ਼ਾਂ ਦਾ ਪ੍ਰਬੰਧ ਸੋਹਣਬੀਰ ਨਾਲ ਹੀ ਕਰਦਾ ਸੀ। ਸ਼ੌਰਿਆ ਦਾ ਚਾਚਾ ਵਿਨੀਤ ਉਸ ਤੋਂ ਵੱਖ ਰਹਿੰਦਾ ਸੀ। ਪਰ ਉਹ ਰਿਟਾਇਰਮੈਂਟ ਤੋਂ ਬਾਅਦ ਮਿਲਣ ਵਾਲੇ ਪੈਸੇ ਅਤੇ ਜ਼ਮੀਨ ਵਿੱਚ ਵੀ ਆਪਣਾ ਹਿੱਸਾ ਚਾਹੁੰਦਾ ਸੀ। ਇਸ ਕਾਰਨ ਹੀ ਵਿਨੀਤ ਨੇ ਅਕਸ਼ਿਤ ਨਾਲ ਮਿਲ ਕੇ ਸ਼ੌਰਿਆ ਨੂੰ ਅਗਵਾ ਕਰਨ ਦੀ ਯੋਜਨਾ ਬਣਾਈ।
ਸ਼ੌਰਿਆ ਨੂੰ ਅਗਵਾ ਕਰਨ ਤੋਂ ਬਾਅਦ ਦੋਸ਼ੀਆਂ ਨੂੰ ਉਸ ਨੂੰ ਛੁਪਾਉਣ ਲਈ ਕੋਈ ਢੁੱਕਵੀਂ ਥਾਂ ਨਹੀਂ ਮਿਲੀ ਰਹੀ ਸੀ। ਇਸ ਲਈ ਉਨ੍ਹਾਂ ਨੇ ਅਗਵਾ ਕਰਨ ਤੋਂ ਕੁਝ ਘੰਟਿਆਂ ਬਾਅਦ ਹੀ ਉਸ ਦੀ ਹੱਤਿਆ ਕਰ ਦਿੱਤੀ। ਉਧਰ ਲੜਕੇ ਦੇ ਗੁਮ ਹੁੰਦੇ ਹੀ ਰਿਸ਼ਤੇਦਾਰਾਂ ਨੇ ਭਾਲ ਕਰਨੀ ਸ਼ੁਰੂ ਕਰ ਦਿੱਤੀ। ਕਾਫੀ ਦੇਰ ਤੱਕ ਬੱਚੇ ਦਾ ਸੁਰਾਗ ਨਾ ਮਿਲਣ ਤੇ ਰਿਸ਼ਤੇਦਾਰਾਂ ਨੇ ਪੁਲਸ ਕੋਲ ਰਿਪੋਰਟ ਦਰਜ ਕਰਵਾ ਦਿੱਤੀ। ਪੁਲਸ ਜਲਦੀ ਹੀ ਜਾਂਚ ਵਿਚ ਲੱਗ ਗਈ। ਦੋਸ਼ੀ ਪੁਲੀਸ ਪੁੱਛਗਿੱਛ ਖ਼ਤਮ ਹੋਣ ਦਾ ਇੰਤਜ਼ਾਰ ਕਰ ਰਹੇ ਸਨ। ਇਸ ਤੋਂ ਬਾਅਦ ਉਹ ਫਿਰੌਤੀ ਮੰਗਣ ਦੀ ਯੋਜਨਾ ਬਣਾ ਰਹੇ ਸਨ।
ਛੇ ਮਹੀਨਿਆਂ ਤੋਂ ਬਣਾ ਰਿਹਾ ਸੀ ਯੋਜਨਾ
ਪੁੱਛਗਿੱਛ ਦੌਰਾਨ ਵਿਨੀਤ ਨੇ ਪੁਲਸ ਨੂੰ ਦੱਸਿਆ ਕਿ ਉਹ 6 ਮਹੀਨਿਆਂ ਤੋਂ ਸ਼ੌਰਿਆ ਨੂੰ ਅਗਵਾ ਕਰਨ ਦੀ ਯੋਜਨਾ ਬਣਾ ਰਿਹਾ ਸੀ। ਇਸ ਲਈ ਹੀ ਉਹ ਬੱਚੇ ਨੂੰ ਮਿਲਦਾ ਸੀ ਤਾਂ ਜੋ ਪਰਿਵਾਰਕ ਮੈਂਬਰਾਂ ਨੂੰ ਸ਼ੱਕ ਨਾ ਹੋਵੇ। ਪੁੱਛਗਿੱਛ ਦੌਰਾਨ ਅਕਸ਼ਿਤ ਨੇ ਦੱਸਿਆ ਕਿ ਜੋ ਵੀ ਫਿਰੌਤੀ ਦੀ ਰਕਮ ਮਿਲਦੀ ਉਹ ਤਿੰਨਾਂ ਨੇ ਇਕੋ ਜਿਹੀ ਵੰਡ ਲੈਣੀ ਸੀ। ਲੜਕੇ ਦੀ ਤਲਾਸ਼ ਕਰਦੇ-ਕਰਦੇ ਪੁਲਿਸ ਦਾ ਸ਼ੱਕ ਵਿਨੀਤ ਅਤੇ ਅਕਸ਼ਿਤ ਤੇ ਗਿਆ।
ਪੁਲਿਸ ਨੇ ਵਿਨੀਤ, ਅਕਸ਼ਿਤ ਅਤੇ ਉਸਦੇ ਦੋਸਤ ਡੈਨੀ ਨੂੰ ਦੋ ਦਿਨ ਪਹਿਲਾਂ ਹੀ ਹਿਰਾਸਤ ਵਿੱਚ ਲੈ ਲਿਆ ਸੀ। ਪੁਲਿਸ ਦੋਸ਼ੀਆਂ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਸੀ। ਐਸਪੀ ਨੇ ਦੱਸਿਆ ਕਿ ਜਦੋਂ ਦੋਸ਼ੀਆਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਆਪਣੇ ਗੁਨਾਹ ਨੂੰ ਕਬੂਲ ਕਰ ਲਿਆ। ਇਸ ਤੋਂ ਬਾਅਦ ਪੁਲੀਸ ਦੋਸ਼ੀਆਂ ਨੂੰ ਮੌਕੇ ਤੇ ਲੈ ਗਈ ਜਿੱਥੇ ਉਨ੍ਹਾਂ ਨੇ ਮ੍ਰਿਤਕ ਦੇਹ ਨੂੰ ਦਫ਼ਨਾਇਆ ਸੀ।