ਪੰਜਾਬ (Punjab) ਦੇ ਜਿਲ੍ਹਾ ਅੰਮ੍ਰਿਤਸਰ ਵਿੱਚ ਚਾਰ ਦਿਨਾਂ ਬਾਅਦ ਇੱਕ ਔਰਤ ਦੇ ਮ੍ਰਿਤਕ ਸ਼ਰੀਰ ਨੂੰ ਕਬਰ ਚੋਂ ਬਾਹਰ ਕੱਢਿਆ ਗਿਆ। ਪੁਲੀਸ ਨੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕ ਔਰਤ ਦੇ ਪੇਕੇ ਪਰਿਵਾਰ ਨੇ ਕਤਲ ਦੇ ਦੋਸ਼ ਲਾਏ ਹਨ, ਜਦੋਂ ਕਿ ਸਹੁਰੇ ਪਰਿਵਾਰ ਨੇ ਮੌਤ ਦਾ ਕਾਰਨ ਬਿਜਲੀ ਦਾ ਕਰੰਟ ਲੱਗਣਾ ਦੱਸਿਆ ਹੈ। ਇਹ ਘਟਨਾ ਅੰਮ੍ਰਿਤਸਰ ਅਧੀਨ ਪੈਂਦੇ ਅਜਨਾਲਾ ਦੇ ਪਿੰਡ ਗੁਰਾਲਾ ਦੀ ਹੈ।
ਇਥੇ ਪੁਲਿਸ ਨੇ ਡਿਊਟੀ ਮੈਜਿਸਟ੍ਰੇਟ ਅਤੇ ਪਿੰਡ ਦੀ ਪੰਚਾਇਤ ਦੀ ਹਾਜ਼ਰੀ ਵਿੱਚ ਕੋਮਲ ਪੁੱਤਰੀ ਪਤਰਸ ਮਸੀਹ ਦੀ ਮ੍ਰਿਤਕ ਦੇਹ ਨੂੰ ਕਬਰ ਵਿੱਚੋਂ ਕੱਢਿਆ। ਚੌਕੀ ਇੰਚਾਰਜ ਅਗਿਆਪਾਲ ਸਿੰਘ ਨੇ ਦੱਸਿਆ ਹੈ ਕਿ ਔਰਤ ਕੋਮਲ ਦੀ 17 ਦਸੰਬਰ ਨੂੰ ਮੌਤ ਹੋ ਗਈ ਸੀ। ਸਹੁਰੇ ਪਰਿਵਾਰ ਵਾਲਿਆਂ ਨੇ ਕੋਮਲ ਦੀ ਮੌਤ ਦਾ ਕਾਰਨ ਬਿਜਲੀ ਦਾ ਕਰੰਟ ਲੱਗਣਾ ਦੱਸਿਆ ਅਤੇ ਲਾਸ਼ ਨੂੰ ਸਪੁਰਦ-ਏ-ਖਾਕ ਕਰ ਦਿੱਤਾ। ਪਰ ਕੋਮਲ ਦੀ ਮਾਂ ਅਤੇ ਭਰਾ ਨੇ ਥਾਣੇ ਪਹੁੰਚ ਕੇ ਸਹੁਰਿਆਂ ਤੇ ਕੋਮਲ ਦਾ ਗਲਾ ਘੁੱਟ ਕੇ ਹੱਤਿਆ ਕਰਨ ਦਾ ਦੋਸ਼ ਲਾ ਦਿੱਤਾ ਹੈ।
ਕੋਮਲ ਦਾ ਵਿਆਹ ਕਰੀਬ 7 ਸਾਲ ਪਹਿਲਾਂ ਪਿੰਡ ਗੁਰਾਲਾ ਦੇ ਰਹਿਣ ਵਾਲੇ ਸ਼ਮਸ਼ੇਰ ਮਸੀਹ ਦੇ ਨਾਲ ਹੋਇਆ ਸੀ। ਜਿਸ ਨਾਲ ਉਸ ਦੇ ਤਿੰਨ ਬੱਚੇ ਹਨ। ਕੋਮਲ ਦੀ ਮਾਂ ਕਸ਼ਮੀਰੀ ਨੇ ਦੱਸਿਆ ਹੈ ਕਿ 17 ਦਸੰਬਰ ਨੂੰ ਉਸ ਦੀ ਲੜਕੀ ਦੇ ਸਹੁਰੇ ਤੋਂ ਬਿਜਲੀ ਦਾ ਕਰੰਟ ਲੱਗਣ ਦੀ ਸੂਚਨਾ ਮਿਲੀ ਅਤੇ ਬੇਟੀ ਨੂੰ ਹਸਪਤਾਲ ਲੈ ਕੇ ਜਾਣ ਦੀ ਗੱਲ ਵੀ ਕਹੀ। ਪਰ ਇਲਾਜ ਦੇ ਦੌਰਾਨ ਉਸ ਨੇ ਦਮ ਤੋੜ ਦਿੱਤਾ। 18 ਦਸੰਬਰ ਨੂੰ ਧੀ ਨੂੰ ਸਪੁਰਦ-ਏ-ਖਾਕ ਕੀਤਾ ਗਿਆ ਸੀ।
ਕਸ਼ਮੀਰੋ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਉਨ੍ਹਾਂ ਨੂੰ ਕੋਮਲ ਦੇ ਸਹੁਰਿਆਂ ਨਾਲ ਝਗੜੇ ਬਾਰੇ ਪਤਾ ਲੱਗਿਆ। ਇਹ ਵੀ ਦੱਸਿਆ ਗਿਆ ਕਿ ਉਸ ਦਾ ਕਤਲ ਕੀਤਾ ਗਿਆ ਸੀ ਅਤੇ ਉਹ ਵੀ ਗਲ ਨੂੰ ਘੁੱਟ ਕੇ। ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਇਸ ਮਾਮਲੇ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਜਿੱਥੇ ਮੈਡੀਕਲ ਬੋਰਡ ਔਰਤ ਦਾ ਪੋਸਟਮਾਰਟਮ ਕਰੇਗਾ। ਅਗਲੀ ਕਾਰਵਾਈ ਪੋਸਟਮਾਰਟਮ ਤੋਂ ਬਾਅਦ ਹੀ ਹੋਵੇਗੀ। ਮੌਤ ਦੇ ਕਾਰਨਾਂ ਬਾਰੇ ਉਹ ਪੋਸਟਮਾਰਟਮ ਤੋਂ ਬਾਅਦ ਹੀ ਕੁਝ ਸਪੱਸ਼ਟ ਕਹਿ ਸਕਦੇ ਹਨ।