ਇਹ ਖਬਰ ਪੰਜਾਬ ਦੇ ਜਿਲ੍ਹਾ ਜਲੰਧਰ ਤੋਂ ਪ੍ਰਾਪਤ ਹੋਈ ਹੈ। ਇਥੇ ਕਮਿਸ਼ਨਰੇਟ ਪੁਲਸ ਦੇ ਸਦਰ ਥਾਣਾ ਅਧੀਨ ਪੈਂਦੇ ਪਿੰਡ ਅਸਮਾਨਪੁਰ ਵਿਚ ਆਪਣੀ ਨਾਨੀ ਦੇ ਜਨਮ ਦਿਨ ਵਾਲੇ ਦਿਨ ਉਸ ਦਾ ਕਤਲ ਕਰਕੇ ਦੌੜ ਰਹੇ ਨੌਜਵਾਨ ਨੂੰ ਉਸ ਦੀ ਮਾਂ ਨੇ ਦੇਖ ਲਿਆ। ਧੀ ਆਪਣੀ ਮਾਂ ਲਈ ਕੇਕ ਲੈ ਕੇ ਆਈ ਸੀ। ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਥਾਣਾ ਸਦਰ ਪੁਲਿਸ ਨੂੰ ਬਿਆਨ ਦਿੰਦੇ ਹੋਏ ਮਾਂ ਨੇ ਆਪਣੇ ਬੇਟੇ ਅਤੇ ਉਸ ਦੇ ਦੋ ਅਣਪਛਾਤੇ ਸਾਥੀਆਂ ਤੇ ਆਈ.ਪੀ.ਸੀ. ਦੀ ਧਾਰਾ 302 ਤਹਿਤ ਮਾਮਲਾ ਦਰਜ ਕਰਾ ਦਿੱਤਾ ਹੈ। ਦੂਜੇ ਪਾਸੇ ਦੋਹਤੇ ਵੱਲੋਂ ਨਾਨੀ ਦੇ ਕਤਲ ਦਾ ਇਹ ਮਾਮਲਾ ਪੂਰੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਲੋਕ ਇਸ ਮਾਮਲੇ ਨੂੰ ਕਲਯੁੱਗੀ ਕਾਲੇ ਦੌਰ ਨਾਲ ਜੋੜ ਕੇ ਰਿਸ਼ਤਿਆਂ ਵਿਚ ਆਉਣ ਵਾਲੀ ਦੂਰੀ ਦੀ ਗੱਲ ਕਰਦੇ ਨਜ਼ਰ ਆ ਰਹੇ ਹਨ ਅਤੇ ਕੁਝ ਲੋਕ ਮਾੜੀ ਸੰਗਤ ਵਿਚ ਪੈ ਕੇ ਆਪਣਿਆਂ ਨੂੰ ਮਾਰ ਰਿਸ਼ਤਿਆਂ ਨੂੰ ਤਾਰ-ਤਾਰ ਕਰ ਰਹੇ ਹਨ।
ਘਟਨਾ ਵਾਲੀ ਥਾਂ ਮੌਕੇ ਤੇ ਪਹੁੰਚੇ ਡੀ.ਸੀ.ਪੀ. ਇਨਵੈਸਟੀਗੇਸ਼ਨ ਜਸਕਿਰਨਜੀਤ ਸਿੰਘ ਤੇਜਾ, ਏ.ਸੀ.ਪੀ. ਜਲੰਧਰ ਛਾਉਣੀ ਬਬਨਦੀਪ ਸਿੰਘ ਅਤੇ ਥਾਣਾ ਸਦਰ ਦੇ ਐਸ.ਐਚ.ਓ. ਇੰਸਪੈਕਟਰ ਸੁਖਬੀਰ ਸਿੰਘ ਅਤੇ ਫਤਿਹਪੁਰ ਚੌਕੀ ਦੇ ਇੰਚਾਰਜ ਐੱਸ.ਆਈ. ਰਣਜੀਤ ਸਿੰਘ ਨੇ ਰਕਸ਼ੈ ਨਾਮ ਦੇ 20 ਸਾਲ ਦੇ ਦੋਹਤੇ ਵਲੋਂ ਕ ਤ ਲ ਕੀਤੀ ਗਈ 73 ਸਾਲਾ ਨਾਨੀ ਵਿਜੇ ਛਾਬੜਾ ਪਤਨੀ ਸਵ. ਹਰਮੋਹਿੰਦਰ ਪਾਲ ਛਾਬੜਾ ਦੀ ਮ੍ਰਿਤਕ ਦੇਹ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਹਾਲਾਂਕਿ ਘਟਨਾ ਦੇ ਸਮੇਂ ਵਿਜੇ ਛਾਬੜਾ ਘਰ ਵਿਚ ਇਕੱਲੀ ਹੀ ਮੌਜੂਦ ਸੀ। ਦੋਸ਼ੀ ਰਕਸ਼ੈ ਦੀ ਮਾਂ ਪ੍ਰਤਿਮਾ ਵਾਸੀ 140, ਬਾਰਾਦਰੀ, ਜਲੰਧਰ ਨੇ ਪੁਲੀਸ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਉਹ ਰੇਲਵੇ ਵਿੱਚ ਨੌਕਰੀ ਕਰਦੀ ਹੈ ਅਤੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਦੀ ਵਰਕਸ਼ਾਪ ਵਿੱਚ ਬਤੌਰ ਅਧਿਕਾਰੀ ਡਿਊਟੀ ਕਰਦੀ ਹੈ। ਉਸ ਨੇ ਦੱਸਿਆ ਕਿ ਉਸ ਦਾ ਲੜਕਾ ਰਕਸ਼ੈ ਮਾੜੀ ਸੰਗਤ ਦਾ ਸ਼ਿਕਾਰ ਹੋਣ ਕਾਰਨ ਘਰ ਨਹੀਂ ਆਉਂਦਾ ਸੀ। ਉਹ ਕਈ ਵਾਰ ਆਪਣੀ ਨਾਨੀ ਕੋਲ ਜਾ ਕੇ ਪੈਸਿਆਂ ਦੀ ਮੰਗ ਨੂੰ ਲੈ ਕੇ ਤੰਗ ਪ੍ਰੇਸ਼ਾਨ ਕਰਦਾ ਸੀ।
ਪ੍ਰਤਿਮਾ ਨੇ ਦੱਸਿਆ ਕਿ ਅੱਜ ਉਸ ਦੀ ਮਾਂ ਵਿਜੇ ਛਾਬੜਾ ਦਾ ਜਨਮਦਿਨ ਸੀ, ਜਿਸ ਕਰਕੇ ਉਹ ਆਪਣੀ ਡਿਊਟੀ ਪੂਰੀ ਕਰਨ ਤੋਂ ਬਾਅਦ ਆਪਣੀ ਮਾਂ ਦੇ ਘਰ ਪਿੰਡ ਅਸਮਾਨਪੁਰ ਆ ਗਈ ਤਾਂ ਉਸ ਨੇ ਦੇਖਿਆ ਕਿ ਉਸ ਦਾ ਲੜਕਾ ਰਾਕਸ਼ੈ ਘਰੋਂ ਨਿਕਲ ਰਿਹਾ ਸੀ ਅਤੇ ਜਦੋਂ ਉਸ ਨੇ ਬੇਟੇ ਨੂੰ ਅਵਾਜ ਮਾਰੀ ਤਾਂ ਉਹ ਆਪਣੇ ਦੋ ਹੋਰ ਸਾਥੀਆਂ ਸਮੇਤ ਮੋਟਰਸਾਈਕਲ ਤੇ ਫਰਾਰ ਹੋ ਗਿਆ। ਪ੍ਰਤਿਮਾ ਨੇ ਦੱਸਿਆ ਕਿ ਇਹ ਰਾਕਸ਼ੈ ਨੇ ਹੀ ਆਪਣੇ ਸਾਥੀਆਂ ਨਾਲ ਮਿਲ ਕੇ ਆਪਣੀ ਨਾਨੀ ਦਾ ਕਤਲ ਕੀਤਾ ਹੈ। ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਵਿਜੇ ਛਾਬੜਾ ਦਾ ਗਲਾ ਘੁੱਟ ਕੇ ਕ ਤ ਲ ਕੀਤਾ ਗਿਆ ਹੈ। ਸਿਰਹਾਣੇ ਨਾਲ ਮੂੰਹ ਵੀ ਦਬਾਇਆ ਹੋਇਆ ਜਾਪਦਾ ਹੈ।
ਇਸ ਮਾਮਲੇ ਦਾ ਪੂਰਾ ਖੁਲਾਸਾ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੋਵੇਗਾ। ਇੰਸਪੈਕਟਰ ਸੁਖਬੀਰ ਸਿੰਘ ਨੇ ਦੱਸਿਆ ਹੈ ਕਿ ਪੁਲਸ ਨੇ ਕਾਨੂੰਨੀ ਕਾਰਵਾਈ ਕਰਦੇ ਹੋਏ ਕਤਲ ਕੀਤੇ ਵਿਜੇ ਛਾਬੜਾ ਦੀ ਲਾਸ਼ ਨੂੰ ਸਿਵਲ ਹਸਪਤਾਲ ਵਿਚ ਭੇਜ ਦਿੱਤਾ ਹੈ। ਵੀਰਵਾਰ ਦੀ ਸਵੇਰੇ ਪੋਸਟਮਾਰਟਮ ਕੀਤਾ ਜਾਵੇਗਾ। ਉਸ ਤੋਂ ਬਾਅਦ ਮ੍ਰਿਤਕ ਸਰੀਰ ਵਾਰਸਾਂ ਨੂੰ ਸੌਂਪ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਫਰਾਰ ਰਾਕਸ਼ੈ ਨੂੰ ਸਾਥੀਆਂ ਸਮੇਤ ਫੜਨ ਲਈ ਵੱਖ-ਵੱਖ ਪੁਲਸ ਦੀਆਂ ਟੀਮਾਂ ਵੱਲੋਂ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵਲੋਂ ਜਲਦ ਹੀ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ।