ਆਪਣੀ ਸਾਲੀ ਦੀਆਂ ਧਮਕੀਆਂ ਅਤੇ ਪੈਸਿਆਂ ਦੀ ਮੰਗ ਤੋਂ ਦੁਖੀ ਹੋ ਕੇ ਜੀਜੇ ਨੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਮੁਕਾ ਲਈ ਹੈ। ਮ੍ਰਿਤਕ ਮਲਕੀਤ ਸਿੰਘ ਉਮਰ 36 ਸਾਲ ਪਟਿਆਲਾ ਜਿਲ੍ਹੇ ਦੇ ਪਿੰਡ ਗੋਵਿੰਦਪੁਰਾ ਪੈਦ ਦਾ ਰਹਿਣ ਵਾਲਾ ਹੈ। ਉਸ ਦੇ ਪਿਤਾ ਰਾਜਵੀਰ ਸਿੰਘ ਦੇ ਬਿਆਨਾਂ ਦੇ ਆਧਾਰ ਉਤੇ ਥਾਣਾ ਪਾਤੜਾਂ ਦੀ ਪੁਲਿਸ ਨੇ ਮ੍ਰਿਤਕ ਦੀ ਸਾਲੀ ਬਲਜਿੰਦਰ ਕੌਰ ਵਾਸੀ ਕਾਹਨਗੜ੍ਹ ਰੋਡ ਪਾਤੜਾਂ ਦੇ ਖਿਲਾਫ ਮਰਨ ਦੇ ਲਈ ਮਜਬੂਰ ਦਾ ਮਾਮਲਾ ਦਰਜ ਕਰ ਲਿਆ ਹੈ।
ਮ੍ਰਿਤਕ ਦੇ ਪਿਤਾ ਰਾਜਵੀਰ ਸਿੰਘ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਸਦੇ 3 ਬੱਚੇ ਹਨ। ਸਭ ਤੋਂ ਛੋਟਾ ਲੜਕਾ ਮਲਕੀਤ ਸਿੰਘ ਉਰਫ਼ ਲਾਡੀ ਵਿਆਹਿਆ ਹੋਇਆ ਸੀ। ਮਲਕੀਤ ਸਿੰਘ ਦਾ ਵਿਆਹ ਤਕਰੀਬਨ 18 ਸਾਲ ਪਹਿਲਾਂ ਬਨਵਾਲਾ ਵਾਸੀ ਕਰਮਜੀਤ ਕੌਰ ਦੇ ਨਾਲ ਹੋਇਆ ਸੀ। ਉਸ ਦੀਆਂ ਦੋ ਧੀਆਂ ਅਤੇ ਇੱਕ ਪੁੱਤਰ ਹੈ। ਪੁੱਤਰ ਮਲਕੀਤ ਦੇ ਆਪਣੀ ਸਾਲੀ ਬਲਜਿੰਦਰ ਦੇ ਨਾਲ ਨਾਜਾਇਜ਼ ਸਬੰਧ ਸਨ। ਪੁੱਤਰ ਜੋ ਵੀ ਕਮਾਉਂਦਾ ਸੀ, ਉਹ ਆਪਣੀ ਸਾਲੀ ਬਲਜਿੰਦਰ ਕੌਰ ਨੂੰ ਦੇ ਦਿੰਦਾ ਸੀ ਅਤੇ ਅਕਸਰ ਹੀ ਆਪਣੀ ਸਾਲੀ ਬਲਜਿੰਦਰ ਕੌਰ ਦੇ ਘਰ ਰਹਿੰਦਾ ਸੀ।
ਇਸ ਗੱਲ ਦਾ ਪਤਾ ਜਦੋਂ ਉਸ ਦੀ ਨੂੰਹ ਕਰਮਜੀਤ ਕੌਰ ਨੂੰ ਲੱਗਿਆ ਤਾਂ ਆਪਸ ਵਿੱਚ ਝਗੜਾ ਰਹਿਣ ਲੱਗ ਗਿਆ। ਜਿਸ ਕਾਰਨ ਮਲਕੀਤ ਸਿੰਘ ਨੇ ਸਨ 2017 ਵਿਚ ਆਪਣੀ ਪਤਨੀ ਕਰਮਜੀਤ ਕੌਰ ਤੋਂ ਤਲਾਕ ਲੈ ਲਿਆ ਸੀ। ਮਲਕੀਤ ਸਿੰਘ ਨੇ ਆਪਣੇ ਹਿੱਸੇ ਦਾ ਸਭ ਕੁਝ ਵੇਚ ਕੇ ਪੈਸੇ ਆਪਣੀ ਸਾਲੀ ਬਲਜਿੰਦਰ ਕੌਰ ਨੂੰ ਦੇ ਦਿੱਤੇ। ਹੁਣ ਜਦੋਂ ਉਸ ਕੋਲ ਕੁਝ ਵੀ ਨਹੀਂ ਬਚਿਆ ਸੀ ਤਾਂ ਉਹ ਮਜ਼ਦੂਰੀ ਦਾ ਕੰਮ ਕਰਦਾ ਸੀ ਪਰ ਉਸ ਦੀ ਸਾਲੀ ਬਲਜਿੰਦਰ ਕੌਰ ਉਸ ਨੂੰ ਬਲੈਕਮੇਲ ਕਰਦੀ ਸੀ ਅਤੇ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਕੇ ਪੈਸੇ ਮੰਗਦੀ ਸੀ, ਜਿਸ ਕਾਰਨ ਮਲਕੀਤ ਸਿੰਘ ਕਾਫੀ ਪ੍ਰੇਸ਼ਾਨ ਰਹਿਣ ਲੱਗਿਆ ਸੀ।
ਅੱਗੇ ਪਿਤਾ ਰਾਜਵੀਰ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ 20 ਦਸੰਬਰ ਦੀ ਰਾਤ ਨੂੰ 8ਵਜੇ ਬਿਨਾਂ ਕੁਝ ਦੱਸੇ ਘਰ ਤੋਂ ਮੁਬਾਇਲ ਫੋਨ ਲੈ ਕੇ ਚਲਿਆ ਗਿਆ। ਕਾਫੀ ਲੱਭਣ ਤੋਂ ਬਾਅਦ ਪਤਾ ਲੱਗਾ ਕਿ ਮਲਕੀਤ ਸਿੰਘ ਨੇ ਉਸ ਦੇ ਸਾਲੇ ਨਿਰੰਜਨ ਸਿੰਘ ਵਾਸੀ ਪੈਦ ਦੇ ਖੇਤ ਵਿਚ ਬਣੇ ਤੂੜੀ ਵਾਲੇ ਵਰਾਂਡੇ ‘ਚ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜਿੰਦਗੀ ਖਤਮ ਕਰ ਲਈ ਹੈ। ਸੂਚਨਾ ਮਿਲਦੇ ਹੀ ਉਹ ਆਪਣੇ ਲੜਕੇ ਕੁਲਦੀਪ ਨੂੰ ਲੈ ਕੇ ਮੌਕੇ ‘ਤੇ ਪਹੁੰਚ ਗਿਆ।
ਰਾਜਵੀਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਘਟਨਾ ਵਾਲੀ ਥਾਂ ਤੋਂ ਪੁੱਤਰ ਮਲਕੀਤ ਸਿੰਘ ਦਾ ਮੋਬਾਈਲ ਫੋਨ ਮਿਲਿਆ। ਮੋਬਾਈਲ ਫ਼ੋਨ ਦੇਖਣ ਤੋਂ ਬਾਅਦ ਉਸ ਵਿੱਚੋਂ ਇੱਕ ਰਿਕਾਰਡਿੰਗ ਬਰਾਮਦ ਹੋਈ ਜੋ ਉਸ ਦੀ ਸਾਲੀ ਬਲਜਿੰਦਰ ਕੌਰ ਦੀ ਸੀ। ਰਿਕਾਰਡਿੰਗ ਵਿੱਚ ਉਹ ਆਪਣੀ ਸਾਲੀ ਨੂੰ ਕਹਿ ਰਿਹਾ ਸੀ ਕਿ ਹੁਣ ਤੱਕ ਮੈਂ ਤੁਹਾਨੂੰ ਆਪਣਾ ਸਭ ਕੁਝ ਖੁਆ ਦਿੱਤਾ ਹੈ। ਹੁਣ ਮੈਂ ਤੇਰੇ ਨਾਲ ਆਪਣਾ ਆਖਰੀ ਵਾਰ ਹਿਸਾਬ ਕਰਕੇ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਲੱਗਾ ਹਾਂ। ਉਕਤ ਔਰਤ ਤੋਂ ਪ੍ਰੇਸ਼ਾਨ ਹੋ ਕੇ ਬੇਟੇ ਨੇ ਜ਼ਹਿਰੀਲੀ ਦਵਾਈ ਪੀ ਲਈ ਹੈ।
ਇਸ ਮਾਮਲੇ ਸਬੰਧੀ ਜਾਂਚ ਕਰਨ ਵਾਲੇ ਅਧਿਕਾਰੀ ਸ਼ੁਤਰਾਣਾ ਥਾਣਾ ਇੰਚਾਰਜ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਫਰਾਰ ਦੋਸ਼ੀ ਔਰਤ ਬਲਜਿੰਦਰ ਕੌਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਪੜਤਾਲ ਲਈ ਮ੍ਰਿਤਕ ਦਾ ਫੋਨ ਜ਼ਬਤ ਕਰ ਲਿਆ ਗਿਆ ਹੈ। ਜਾਂਚ ਤੋਂ ਬਾਅਦ ਹੀ ਅੱਗੇ ਕੁਝ ਕਿਹਾ ਜਾ ਸਕਦਾ ਹੈ।