ਪੰਜਾਬ ਵਿਚ ਜਿਲ੍ਹਾ ਲੁਧਿਆਣੇ ਦੇ ਪਿੰਡ ਬੱਦੋਵਾਲ ਵਿਚ ਠੰਡ ਤੋਂ ਬਚਾਅ ਲਈ ਬਾਲੀ ਕੋਲੇ ਵਾਲੀ ਭੱਠੀ ਦੀ ਗੈਸ ਚੜ੍ਹਨ ਨਾਲ ਇਕ ਪਰਿਵਾਰ ਦੇ 4 ਜੀਅ ਬੇਹੋਸ਼ ਹੋ ਗਏ। ਜਿਨ੍ਹਾਂ ਵਿਚੋਂ ਇਕ ਨੌਜਵਾਨ ਲੜਕੀ ਸਿਮਰਨ ਕੌਰ ਉਮਰ 18 ਸਾਲ ਦੀ ਮੌ-ਤ ਹੋ ਗਈ, ਜਦੋਂ ਕਿ ਤਿੰਨ ਹੋਰ ਮੈਂਬਰਾਂ ਨੂੰ ਲੁਧਿਆਣਾ ਦੇ ਗਲੋਬਲ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ ਪਰ ਹੁਣ ਉਹ ਖਤਰੇ ਤੋਂ ਬਾਹਰ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਰਿਸ਼ਤੇਦਾਰ ਕੇਸਰ ਸਿੰਘ ਨੇ ਦੱਸਿਆ ਕਿ ਉਸ ਦਾ ਭਾਣਜਾ ਸਤਨਾਮ ਸਿੰਘ ਉਨ੍ਹਾਂ ਦੇ ਘਰ ਇਆਲੀ ਵਿਖੇ ਆਇਆ ਹੋਇਆ ਸੀ ਅਤੇ ਰਾਤ 12 ਵਜੇ ਦੇ ਕਰੀਬ ਪਤੰਗ ਉਡਾਉਣ ਲਈ ਡੋਰ ਲੈਣ ਲਈ ਆਪਣੇ ਘਰ ਗਿਆ ਤਾਂ ਉਸ ਦੇ ਪਿਤਾ ਕੁਲਵੰਤ ਸਿੰਘ, ਮਾਤਾ ਗੁਰਦੀਪ ਕੌਰ, ਭੈਣ ਸਿਮਰਨ ਕੌਰ ਅਤੇ ਰਿਸ਼ਤੇਦਾਰ ਸੰਦੀਪ ਸਿੰਘ ਘਰ ਦੇ ਸਾਹਮਣੇ ਗੇਟ ਦੇ ਬਾਹਰ ਬੇਹੋਸ਼ੀ ਦੀ ਹਾਲਤ ਵਿਚ ਪਏ ਸਨ।
ਉਨ੍ਹਾਂ ਨੂੰ ਲਿਜਾ ਕੇ ਲੁਧਿਆਣਾ ਦੇ ਪ੍ਰਾਈਵੇਟ ਹਸਪਤਾਲ ਗਲੋਬਲ ਵਿਚ ਦਾਖਲ ਕਰਾਇਆ ਗਿਆ, ਜਿੱਥੇ ਉਸ ਦੇ ਮਾਤਾ ਪਿਤਾ ਅਤੇ ਰਿਸ਼ਤੇਦਾਰ ਖਤਰੇ ਤੋਂ ਬਾਹਰ ਹਨ, ਜਦੋਂ ਕਿ ਭੈਣ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ, ਉਸ ਦੀ ਮੌ ਤ ਹੋ ਗਈ ਹੈ। ਅੱਗੇ ਕੇਸਰ ਸਿੰਘ ਨੇ ਦੱਸਿਆ ਹੈ ਕਿ ਉਸ ਦਾ ਜੀਜਾ ਹਲਵਾਈ ਦਾ ਕੰਮਕਾਜ ਕਰਦਾ ਹੈ ਅਤੇ ਰਿਸ਼ਤੇਦਾਰ ਸੰਦੀਪ ਸਿੰਘ ਉਸ ਦਾ ਹੈਲਪਰ ਹੈ। ਸਵੇਰੇ 8 ਵਜੇ ਕੰਮ ਤੋਂ ਵਿਹਲੇ ਹੋ ਕੇ ਦੋਵੇਂ ਆਪਣੇ ਘਰ ਚਲੇ ਗਏ ਅਤੇ ਉੱਥੇ ਹੀ ਸੌਂ ਗਏ। ਜਿੱਥੇ ਉਸ ਦੀ ਭੈਣ ਅਤੇ ਭਤੀਜੀ ਕਮਰੇ ਵਿੱਚ ਬੇਸੁੱਧ ਸੌਂ ਰਹੀਆਂ ਸਨ।
ਦੋਵਾਂ ਨੂੰ ਸੁੱਤੇ ਹੋਏ ਸਮਝ ਕੇ ਉਨ੍ਹਾਂ ਨੇ ਜਗਾਇਆ ਨਹੀਂ ਬਲਕਿ ਉਹ ਆਪ ਹੀ ਕਮਰੇ ਦੇ ਅੰਦਰ ਜਾ ਕੇ ਸੌਂ ਗਏ। ਉਨ੍ਹਾਂ ਨੂੰ ਵੀ ਗੈਸ ਚੜ੍ਹ ਗਈ। ਜਦੋਂ ਉਹ ਆਪਣੇ ਆਪ ਨੂੰ ਬਚਾਉਣ ਲਈ ਬਾਹਰ ਨਿਕਲੇ ਤਾਂ ਉਹ ਬਾਹਰ ਡਿੱਗ ਪਏ। ਅਚਾਨਕ ਉਨ੍ਹਾਂ ਦਾ ਭਾਣਜਾ ਸਤਨਾਮ ਸਿੰਘ ਘਰ ਚਲਾ ਗਿਆ ਅਤੇ ਚਾਰਾਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ। ਦਾਖਾ ਥਾਣਾ ਮੁਖੀ ਇੰਸਪੈਕਟਰ ਦਲਜੀਤ ਸਿੰਘ ਗਿੱਲ ਨੇ ਦੱਸਿਆ ਹੈ ਕਿ ਏ.ਐੱਸ.ਆਈ. ਰੁਪਿੰਦਰ ਸਿੰਘ ਗਰੇਵਾਲ ਵਿਭਾਗੀ ਕਾਰਵਾਈ ਕਰਦੇ ਹੋਏ ਮੁਲਾਹਜੇ ਤੋਂ ਬਾਅਦ ਮ੍ਰਿਤਕ ਸਰੀਰ ਵਾਰਿਸਾਂ ਨੂੰ ਸੌਂਪ ਦੇਣਗੇ।