ਜ਼ਿਲ੍ਹਾ ਹੁਸ਼ਿਆਰਪੁਰ (ਪੰਜਾਬ) ਦੇ ਦਸੂਹਾ ਵਿੱਚ ਇੱਕ ਔਰਤ ਵੱਲੋਂ ਆਪਣੀ 8 ਸਾਲ ਦੀ ਲੜਕੀ ਨੂੰ ਨਹਿਰ ਵਿੱਚ ਧੱਕਾ ਦੇਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦਸੂਹਾ ਬਿਕਰਮਜੀਤ ਸਿੰਘ ਪੁਲਸ ਪਾਰਟੀ ਸਮੇਤ ਮੌਕੇ ਤੇ ਘਟਨਾ ਵਾਲੀ ਥਾਂ ਉਤੇ ਪਹੁੰਚੇ ਅਤੇ ਲੜਕੀ ਦੀ ਮਾਂ ਨੂੰ ਹਿਰਾਸਤ ਵਿਚ ਲੈ ਲਿਆ। ਇਸ ਸਬੰਧੀ ਜਦੋਂ ਥਾਣਾ ਸਦਰ ਦੇ ਮੁਖੀ ਬਿਕਰਮਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਲੜਕੀ ਦੀ ਮਾਂ ਕਹਿ ਰਹੀ ਹੈ ਕਿ ਉਹ ਬੱਸ ਤੋਂ ਉਤਰ ਕੇ ਨਹਿਰ ਦੇ ਕਿਨਾਰੇ ਗਈ ਸੀ, ਜਿਸ ਦੌਰਾਨ ਲੜਕੀ ਉਸ ਦੇ ਹੱਥ ਤੋਂ ਤਿਲਕ ਕੇ ਨਹਿਰ ਵਿਚ ਡਿੱਗ ਗਈ।
ਇਸ ਦੌਰਾਨ ਉਸ ਨੇ ਰੌਲਾ ਵੀ ਪਾਇਆ। ਇਸ ਸਬੰਧੀ ਲੜਕੀ ਅਭੀ ਦੇ ਦਾਦਾ ਚਰਣਜੀ ਲਾਲ, ਨਾਨਾ ਕਰਮ ਚੰਦ ਵਾਸੀ ਚੱਕ ਭਈਆ ਪਿੰਡ ਦੇ ਸਰਪੰਚ ਰੇਸ਼ਮ ਸਿੰਘ ਤੇ ਸਾਬਕਾ ਸਰਪੰਚ ਹਰਮਿੰਦਰ ਸਿੰਘ, ਟੇਰਕੀਆਣਾ ਸਰਪੰਚ ਹਰਵਿੰਦਰ ਸਿੰਘ ਰਾਣਾ ਤੇ ਹੋਰ ਪਿੰਡ ਵਾਸੀ ਥਾਣਾ ਦਸੂਹਾ ਦੀ ਪੁਲੀਸ ਦੇ ਕੋਲ ਪਹੁੰਚੇ। ਜਦੋਂ ਕਿ ਪਿੰਡ ਦੇ ਸਰਪੰਚ ਰਮੇਸ਼ ਸਿੰਘ ਨੇ ਪੁਲੀਸ ਨੂੰ ਦੱਸਿਆ ਹੈ ਲੜਕੀ ਦੇ ਪਿਤਾ ਨਾਲ ਉਨ੍ਹਾਂ ਦੀ ਗੱਲਬਾਤ ਹੋਈ ਹੈ। ਉਸ ਨੇ ਰੋਂਦਿਆਂ ਹੋਇਆਂ ਕਿਹਾ ਹੈ ਕਿ ਉਸ ਦੀ ਪਤਨੀ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਜਦੋਂ ਕਿ ਇਸ ਮਾਮਲੇ ਸਬੰਧੀ ਲੜਕੀ ਦੇ ਨਾਨਾ ਕਰਮ ਚੰਦ ਅਤੇ ਨਾਨੀ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਸਨ। ਉਨ੍ਹਾਂ ਨੇ ਆਪਣੇ ਦੋਹਤੀ ਦੇ ਨਹਿਰ ਵਿੱਚ ਡਿੱਗ ਜਾਣ ਤੇ ਦੁੱਖ ਪ੍ਰਗਟ ਕੀਤਾ ਹੈ। ਮ੍ਰਿਤਕ ਲੜਕੀ ਅਭੀ ਦੀ ਦੂਜੀ ਭੈਣ ਖੁਸ਼ੀ ਨਾਨਾ ਦੇ ਘਰ ਪਿੰਡ ਗਈ ਹੋਈ ਸੀ ਅਤੇ ਉਸ ਦਾ ਵੀ ਰੋ ਰੋ ਕੇ ਬੁਰਾ ਹਾਲ ਸੀ। ਥਾਣਾ ਦਸੂਹਾ ਦੇ ਇੰਸਪੈਕਟਰ ਬਿਕਰਮਜੀਤ ਸਿੰਘ ਨੇ ਕਿਹਾ ਕਿ ਸਬੰਧਤ ਬਿਆਨਾਂ ਦੇ ਆਧਾਰ ਉਤੇ ਜੋ ਵੀ ਬਣਦੀ ਹੋਈ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।