ਅੰਮ੍ਰਿਤਸਰ ਜਿਲ੍ਹੇ ਦੇ ਕਮਿਊਨਿਟੀ ਹੈਲਥ ਸੈਂਟਰ ਮਾਨਾਂਵਾਲਾ ਨੇੜੇ ਲਿੰਕ ਰੋਡ ਉਤੇ ਸੋਮਵਾਰ ਦੀ ਰਾਤ 10 ਵਜੇ ਬਾਈਕ ਸਵਾਰ ਲੁੱਟਣ ਵਾਲਿਆਂ ਨੇ ਕੰਮ ਤੋਂ ਪਰਤ ਰਹੇ ਦੋ ਭਰਾਵਾਂ ਤੇ ਗੋਲੀ ਚਲਾ ਦਿੱਤੀ। ਜਿਸ ਵਿਚ ਇਕ ਦੀ ਮੌ-ਤ ਹੋ ਗਈ ਅਤੇ ਦੂਜਾ ਜ਼ਖਮੀ ਹੋ ਗਿਆ। ਜ਼ਖ਼ਮੀ ਨੂੰ ਇਲਾਜ ਦੇ ਲਈ ਜੀਐਨਡੀਐਚ ਅੰਮ੍ਰਿਤਸਰ ਰੈਫ਼ਰ ਕਰ ਕੀਤਾ ਗਿਆ ਹੈ। ਇਸ ਮਾਮਲੇ ਵਿਚ ਪੁਲਸ ਥਾਣਾ ਚਾਟੀਵਿੰਡ ਵਲੋਂ ਅਣਪਛਾਤੇ ਹਮਲਾਵਰਾਂ ਦੇ ਖਿਲਾਫ ਵੱਖੋ ਵੱਖ ਧਾਰਾਵਾਂ ਵਿਚ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
ਇਸ ਬਾਰੇ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਪਰਮਿੰਦਰ ਸਿੰਘ ਉਰਫ ਬੱਬੂ ਵਾਸੀ ਵਡਾਲੀ ਡੋਗਰਾ ਨੇ ਦੱਸਿਆ ਹੈ ਕਿ ਵੱਡੇ ਭਾਈ ਲਖਵਿੰਦਰ ਸਿੰਘ ਉਰਫ ਸ਼ੇਰਾ ਉਮਰ 28 ਸਾਲ ਦੇ ਨਾਲ ਸੋਮਵਾਰ ਦੀ ਰਾਤ ਰਾਤ 10 ਵਜੇ ਮੋਟਰਸਾਈਕਲ ਤੇ ਪਿੰਡ ਨੂੰ ਪਰਤ ਰਹੇ ਸਨ। ਦੋਵੇਂ ਜਣੇ ਜਲੰਧਰ ਦੀ ਇੱਕ ਫੈਕਟਰੀ ਵਿੱਚ ਡਾਈ ਮਸ਼ੀਨ ਦੀ ਮੁਰੰਮਤ ਕਰਕੇ ਘਰ ਨੂੰ ਪਰਤ ਰਹੇ ਸਨ।
ਅੱਗੇ ਪਰਮਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਐਨ.ਐਚ. ਮਾਨਾਂਵਾਲਾ ਤੋਂ ਪਿੰਡ ਨੂੰ ਜਾਣ ਵਾਲੀ ਸੜਕ ਵੱਲ ਨੂੰ ਮੁੜੇ ਤਾਂ ਉਦੋਂ ਪਿਸ਼ਾਬ ਕਰਨ ਲਈ ਕਮਿਊਨਿਟੀ ਸਿਹਤ ਕੇਂਦਰ ਦੇ ਕੋਲ ਰੁਕੇ। ਇਸ ਦੌਰਾਨ 3 ਮੋਟਰਸਾਈਕਲ ਸਵਾਰ ਆਏ ਅਤੇ ਇਕ ਨੇ ਪਿਸਤੌਲ ਦਿਖਾਉਂਦੇ ਹੋਏ ਕਿਹਾ ਕਿ ਤੁਹਾਡੇ ਕੋਲ ਜੋ ਵੀ ਹੈ ਉਹ ਸਾਨੂੰ ਦੇ ਦਿਓ। ਭਰਾ ਲਖਵਿੰਦਰ ਨੇ ਲੁਟੇਰੇ ਨੂੰ ਪਰਸ ਅਤੇ ਮੋਬਾਈਲ ਦੇ ਦਿੱਤਾ ਅਤੇ ਉਨ੍ਹਾਂ ਨੇ ਮੋਟਰਸਾਈਕਲ ਵੀ ਖੋਹ ਲਿਆ।
ਜਦੋਂ ਲੁਟੇਰੇ ਤੋਂ ਉਨ੍ਹਾਂ ਦਾ ਮੋਟਰਸਾਈਕਲ ਸਟਾਰਟ ਨਹੀਂ ਹੋਇਆ ਤਾਂ ਉਸ ਨੇ ਪਿਸਤੌਲ ਨਾਲ ਫਾਇਰ ਕਰ ਦਿੱਤਾ। ਜੋ ਕਿ ਉਸ ਦੀ ਲੱਤ ਵਿੱਚ ਲੱਗ ਗਿਆ। ਜਦੋਂ ਕਿ ਭਾਈ ਲਖਵਿੰਦਰ ਸਿੰਘ ਦੀ ਛਾਤੀ ਵਿੱਚ ਗੋਲੀ ਲੱਗ ਗਈ। ਜਦੋਂ ਉਸ ਨੇ ਰੌਲਾ ਪਾਇਆ ਤਾਂ ਲੁੱਟਣ ਵਾਲੇ ਮੋਬਾਈਲ ਅਤੇ ਪਰਸ ਉੱਥੇ ਹੀ ਛੱਡ ਕੇ ਦੌੜ ਗਏ। ਉਸ ਨੇ ਕਿਸੇ ਤਰ੍ਹਾਂ ਕਮਿਊਨਿਟੀ ਹੈਲਥ ਸੈਂਟਰ ਮਾਨਾਂਵਾਲਾ ਤੋਂ ਵ੍ਹੀਲ ਚੇਅਰ ਲੈ ਕੇ ਲਖਵਿੰਦਰ ਸਿੰਘ ਨੂੰ ਡਾਕਟਰਾਂ ਕੋਲ ਪਹੁੰਚਾਇਆ ਪਰ ਉਦੋਂ ਤੱਕ ਉਸ ਨੇ ਦਮ ਤੋੜ ਦਿੱਤਾ ਸੀ।