ਪੰਜਾਬ ਦੇ ਜਿਲ੍ਹਾ ਬਠਿੰਡਾ ਦੇ ਪਿੰਡ ਚੱਠੇਵਾਲਾ ਦੇ ਰਹਿਣ ਵਾਲੇ ਜਵਾਨ ਬਲਕਰਨ ਸਿੰਘ ਦੀ ਬੁੱਧਵਾਰ ਦੇਰ ਰਾਤ ਮਹਾਰਾਸ਼ਟਰ ਦੇ ਅਹਿਮਦਨਗਰ ਵਿੱਚ ਫਾਇਰ ਫਾਈਟਰਾਂ ਨੂੰ ਟਰੇਨਿੰਗ ਦਿੰਦਿਆਂ ਹੋਇਆਂ ਦਿਲ ਦਾ ਦੌਰਾ ਪੈਣ ਕਾਰਨ ਮੌ-ਤ ਹੋਣ ਦੀ ਦੁੱਖਭਰੀ ਖਬਰ ਪ੍ਰਾਪਤ ਹੋਈ ਹੈ। ਵੀਰਵਾਰ ਨੂੰ ਜਵਾਨ ਦੀ ਮ੍ਰਿਤਕ ਦੇਹ ਪਿੰਡ ਚੱਠੇਵਾਲਾ ਪਹੁੰਚੀ, ਜਿੱਥੇ ਫੌਜੀ ਸਨਮਾਨਾਂ ਦੇ ਨਾਲ ਜਵਾਨ ਨੂੰ ਅੰਤਿਮ ਵਿਦਾਈ ਦਿੱਤੀ ਗਈ ਅਤੇ ਫੌਜ ਦੀ ਤਰਫੋਂ ਜਵਾਨ ਨੂੰ ਸ਼ਹੀਦ ਐਲਾਨਿਆ ਗਿਆ ਹੈ।
ਫੌਜੀ ਜਵਾਨ ਬਲਕਰਨ ਸਿੰਘ ਦੀ ਸ਼ਹਾਦਤ ਹੋ ਜਾਣ ਦੀ ਖ਼ਬਰ ਜਿਉਂ ਹੀ ਪਿੰਡ ਪਹੁੰਚੀ ਤਾਂ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਛਾ ਗਈ। ਵੀਰਵਾਰ ਨੂੰ ਫੌਜ ਦੇ ਅਧਿਕਾਰੀ ਬਲਕਰਨ ਸਿੰਘ ਦੀ ਮ੍ਰਿਤਕ ਦੇਹ ਨੂੰ ਪਿੰਡ ਚੱਠੇਵਾਲਾ ਲੈ ਕੇ ਪਹੁੰਚੇ ਜਿੱਥੇ ਜਵਾਨ ਨੂੰ ਪੂਰੇ ਫੌਜੀ ਸਨਮਾਨਾਂ ਦੇ ਨਾਲ ਅੰਤਿਮ ਵਿਦਾਈ ਦਿੱਤੀ ਗਈ। ਫੌਜ ਦੇ ਅਧਿਕਾਰੀ ਸੁੰਦਰ ਸਿੰਘ ਨੇ ਦੱਸਿਆ ਕਿ ਇਹ ਫੌਜੀ ਦੇਸ਼ ਦੇ ਫਾਇਰਮੈਨਾਂ ਨੂੰ ਟਰੇਨਿੰਗ ਦਿੰਦੇ ਹੋਏ ਸ਼ਹੀਦ ਹੋਇਆ ਹੈ।
ਸ਼ਹੀਦ ਜਵਾਨ ਬਲਕਰਨ ਸਿੰਘ ਆਪਣੇ ਪਿੱਛੇ ਨੌਂ ਮਹੀਨੇ ਦੀ ਬੇਟੀ, ਪਤਨੀ ਅਤੇ ਬਜ਼ੁਰਗ ਮਾਤਾ ਪਿਤਾ ਨੂੰ ਛੱਡ ਗਿਆ ਹੈ। ਪਿੰਡ ਵਾਸੀਆਂ ਦੇ ਅਨੁਸਾਰ ਜਵਾਨ ਬਲਕਰਨ ਸਿੰਘ ਬਹੁਤ ਹੀ ਨੇਕ ਅਤੇ ਮਿਲਣਸਾਰ ਸੁਭਾਅ ਦਾ ਸੀ। ਉਹ ਪਿੰਡ ਵਿੱਚ ਹਰ ਕਿਸੇ ਨਾਲ ਮਿਲ ਕੇ ਰਹਿੰਦਾ ਸੀ। ਭੋਲਾ ਸਿੰਘ ਨੇ ਕਿਹਾ ਕਿ ਸਾਡੇ ਪਿੰਡ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸ਼ਹੀਦ ਦੀ ਵਿਧਵਾ ਪਤਨੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਇਸ ਤੋਂ ਇਲਾਵਾ ਸ਼ਹੀਦ ਦੇ ਨਾਮ ਉਤੇ ਮਾਰਗ ਬਣਾਇਆ ਜਾਵੇ।
ਸ਼ਹੀਦ ਹੋਏ ਜਵਾਨ ਦੇ ਪਿਤਾ ਜਗਦੇਵ ਸਿੰਘ ਦਾ ਕਹਿਣਾ ਹੈ ਕਿ ਜਦੋਂ ਬਲਕਰਨ ਸਿੰਘ ਛੁੱਟੀ ਕੱਟ ਕੇ ਡਿਊਟੀ ਉਤੇ ਜਾ ਰਿਹਾ ਸੀ ਤਾਂ ਉਸ ਨੇ ਜਾਂਦੇ ਸਮੇਂ ਆਪਣੀ ਪਤਨੀ ਅਤੇ ਬੇਟੀ ਨੂੰ ਜਲਦੀ ਫਿਰ ਛੁੱਟੀ ਤੇ ਵਾਪਸ ਆਉਣ ਦਾ ਵਾਅਦਾ ਕੀਤਾ ਸੀ। ਪਰ ਉਸ ਨੂੰ ਕੀ ਪਤਾ ਸੀ ਕਿ ਉਹ ਦੁਬਾਰਾ ਕਦੇ ਵਾਪਸ ਨਹੀਂ ਆਵੇਗਾ।