ਜਿਹੜੇ ਦੋਸ਼ੀ ਘਰਾਂ ਵਿਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹਨ ਉਹ ਪਹਿਲਾਂ ਘਰ ਦੀ ਘੰਟੀ ਵਜਾ ਕੇ ਦੇਖਦੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਘਰ ਵਿਚ ਕੋਈ ਮੌਜੂਦ ਤਾਂ ਨਹੀਂ। ਚੰਡੀਗੜ੍ਹ ਦੇ ਸੈਕਟਰ 19 ਵਿਚ ਅਸ਼ੋਕ ਗੋਇਲ ਦੇ ਘਰ ਵੀ ਨਵੇਂ ਸਾਲ ਉਤੇ ਗੁਆਂਢੀ ਸਮੀਰ ਨੇ ਘਰ ਦੀ ਘੰਟੀ ਵਜਾ ਕੇ ਚੈਕਿੰਗ ਕੀਤੀ ਸੀ। ਉਹ ਘੰਟੀ ਵਜਾ ਕੇ ਅੱਗੇ ਚਲਾ ਗਿਆ। ਉਸ ਦੀ ਇਸ ਚਲਾਕੀ ਨੇ ਪੁਲਿਸ ਨੂੰ ਸੁਰਾਗ ਦੇ ਦਿੱਤਾ। ਸਮੀਰ ਅਤੇ ਉਸ ਦੇ ਦੋਸਤ ਜਤਿਨ ਨੇ ਬੜੀ ਚਲਾਕੀ ਨਾਲ ਅਸ਼ੋਕ ਗੋਇਲ ਦੇ ਘਰ ਵਿਚੋਂ ਲੱਖਾਂ ਦੇ ਗਹਿਣੇ ਅਤੇ ਲੱਖਾਂ ਨਗਦ ਰੁਪਈਆਂ ਦੀ ਚੋਰੀ ਕਰ ਲਈ। ਇਸ ਦੇ ਨਾਲ ਹੀ ਉਨ੍ਹਾਂ ਵਲੋਂ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਤੋੜ ਦਿੱਤਾ ਗਿਆ।
ਇਸ ਮਾਮਲੇ ਸਬੰਧੀ ਪੁਲਿਸ ਨੂੰ ਸ਼ਿਕਾਇਤ ਕਰਨ ਵਾਲੇ ਦੀ ਐਲਸੀਡੀ ਦੇ ਸਟੋਰੇਜ਼ ਵਿੱਚੋਂ ਕੁਝ ਡਾਟਾ ਮਿਲਿਆ ਹੈ। ਜਿਸ ਵਿੱਚ ਸਮੀਰ ਘੰਟੀ ਵਜਾਉਂਦਾ ਨਜ਼ਰ ਆ ਰਿਹਾ ਸੀ। ਇਸ ਤੋਂ ਪੁਲਿਸ ਨੂੰ ਪਤਾ ਲੱਗਿਆ ਕਿ ਇੱਕ ਨੌਜਵਾਨ ਲਗਾਤਾਰ ਘਰ ਦੀ ਘੰਟੀ ਨੂੰ ਵਜਾ ਰਿਹਾ ਸੀ। ਪੁਲਿਸ ਨੇ ਜਦੋਂ ਗੁਆਂਢੀਆਂ ਅਤੇ ਸ਼ਿਕਾਇਤ ਕਰਨ ਵਾਲੇ ਦੇ ਪਰਿਵਾਰ ਵਾਲਿਆਂ ਤੋਂ ਉਸ ਦੀ ਪਹਿਚਾਣ ਪੁੱਛੀ ਤਾਂ ਉਨ੍ਹਾਂ ਨੇ ਦੱਸਿਆ ਕਿ ਉਕਤ ਨੌਜਵਾਨ ਕੁੱਝ ਘਰ ਛੱਡ ਕੇ ਮਕਾਨ ਨੰਬਰ 1071 ਦੇ ਵਿੱਚ ਰਹਿੰਦਾ ਹੈ। ਜਦੋਂ ਪੁਲਸ ਨੇ ਉਸ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਚੋਰੀ ਦਾ ਗੁਨਾਹ ਕਬੂਲ ਕਰ ਲਿਆ। ਇਸ ਦੇ ਨਾਲ ਹੀ ਉਸ ਨੇ ਸੈਕਟਰ 20ਏ ਦੇ ਆਪਣੇ ਸਾਥੀ ਜਤਿਨ ਦਾ ਨਾਮ ਵੀ ਇਸ ਜੁਰਮ ਵਿੱਚ ਲਿਆ ਹੈ। ਉਸ ਦੂਜੇ ਨੌਜਵਾਨ ਨੂੰ ਬੁਲਾ ਕੇ ਉਸ ਕੋਲੋਂ ਵੀ ਪੁੱਛਗਿੱਛ ਕੀਤੀ ਗਈ। ਇਸ ਤੋਂ ਬਾਅਦ ਦੋਵਾਂ ਤੋਂ ਚੋਰੀ ਕੀਤੇ ਸਮਾਨ ਦੀ ਬਰਾਮਦਗੀ ਕੀਤੀ ਗਈ।
ਪੁਲਿਸ ਨੇ ਦੱਸਿਆ ਕਿ ਚੋਰੀ ਕਰਨ ਲਈ ਘਰ ਵਿਚ ਦਾਖਲ ਹੋਏ ਦੋਸ਼ੀ ਨੇ ਮਾਸਕ ਪਾਇਆ ਹੋਇਆ ਸੀ। ਪੁਲਿਸ ਦਾ ਮੰਨਣਾ ਹੈ ਕਿ ਇਕ ਚੋਰ ਰਸੋਈ ਦਾ ਸ਼ੀਸ਼ਾ ਤੋੜ ਕੇ ਅੰਦਰੋਂ ਕੁੰਡੀ ਖੋਲ੍ਹ ਕੇ ਘਰ ਵਿਚ ਦਾਖਲ ਹੋਇਆ ਸੀ। ਘਰ ਦੇ ਤਾਲੇ ਵੀ ਟੁੱਟੇ ਹੋਏ ਸਨ। ਪੁਲੀਸ ਅਨੁਸਾਰ ਅਲਮਾਰੀ ਦਾ ਤਾਲਾ ਤੋੜ ਕੇ ਗਹਿਣੇ ਚੋਰੀ ਕੀਤੇ ਗਏ ਹਨ। ਮੌਕੇ ਉਤੇ ਫੋਟੋਗ੍ਰਾਫੀ ਕਰਵਾਉਣ ਲਈ ਫੋਰੈਂਸਿਕ ਟੀਮ ਨੂੰ ਬੁਲਾਇਆ ਗਿਆ। ਇਸ ਦੇ ਨਾਲ ਹੀ ਪੁਲਿਸ ਨੂੰ ਪਤਾ ਲੱਗਾ ਕਿ ਦੋਸ਼ੀਆਂ ਵੱਲੋਂ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਉਖਾੜ ਦਿੱਤਾ ਗਿਆ ਸੀ।
ਦੋਸ਼ੀਆਂ ਦੇ ਕਬਜ਼ੇ ਵਿੱਚੋਂ ਪੁਲਿਸ ਨੇ ਚੋਰੀ ਕੀਤਾ ਗਿਆ ਲਗਭਗ 45 ਤੋਲੇ ਸੋਨੇ ਦੇ ਗਹਿਣੇ ਅਤੇ 3.80 ਲੱਖ ਰੁਪਏ ਨਗਦ ਬਰਾਮਦ ਕੀਤੇ ਹਨ। ਇਨ੍ਹਾਂ ਗਹਿਣਿਆਂ ਵਿੱਚ 6 ਸੋਨੇ ਦੀਆਂ ਚੇਨਾਂ ਤੇ ਹਾਰ, 7 ਸੋਨੇ ਦੀਆਂ ਚੂੜੀਆਂ, 5 ਸੋਨੇ ਦੀਆਂ ਮੁੰਦਰੀਆਂ, 6 ਜੋੜੇ ਸੋਨੇ ਦੀਆਂ ਵਾਲੀਆਂ ਇੱਕ ਸਿੰਗਲ ਮੁੰਦਰੀ ਸ਼ਾਮਲ ਹੈ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਚੋਰੀ ਦੀ ਇਹ ਸੂਚਨਾ 31 ਦਸੰਬਰ ਦੀ ਰਾਤ ਕਰੀਬ 2 ਵਜੇ ਮਿਲੀ ਸੀ। ਘਰ ਵਿਚੋਂ ਕਾਫੀ ਗਹਿਣੇ ਅਤੇ ਨਕਦੀ ਚੋਰੀ ਹੋਈ ਸੀ। ਪੁਲਿਸ ਦੀ ਟੀਮ ਮੌਕੇ ਉਤੇ ਪਹੁੰਚ ਗਈ ਸੀ। ਪੁਲਿਸ ਨੇ ਘਰ ਵਿੱਚ ਪਿਛਲੇ ਪਾਸਿਓਂ ਦਾਖਲ ਹੋ ਕੇ ਦੇਖਿਆ ਕਿ ਤਾਲੇ ਟੁੱਟੇ ਹੋਏ ਸਨ।
ਹੋਰ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਸਮੀਰ ਪੁਣੇ ਦੀ ਇੱਕ ਯੂਨੀਵਰਸਿਟੀ ਤੋਂ ਬੀਏਐਲਐਲਬੀ ਕਰ ਰਿਹਾ ਹੈ। ਦੂਜਾ ਦੋਸ਼ੀ ਜਤਿਨ ਸੈਕਟਰ 30 ਵਿੱਚ ਸਟੇਸ਼ਨਰੀ ਦੀ ਦੁਕਾਨ ਚਲਾਉਂਦਾ ਹੈ। ਪੁਲਿਸ ਨੇ ਦੋਵਾਂ ਨੂੰ 2 ਦਿਨ ਦੇ ਰਿਮਾਂਡ ਉਤੇ ਲਿਆ ਹੈ। ਪੁਲਸ ਨੇ ਦੱਸਿਆ ਕਿ ਸ਼ਿਕਾਇਤ ਵਿਚ 4 ਤੋਂ 5 ਲੱਖ ਰੁਪਏ ਦੀ ਨਕਦੀ ਚੋਰੀ ਹੋਣ ਦੀ ਗੱਲ ਕਹੀ ਗਈ ਹੈ। ਅਜਿਹੇ ਵਿਚ ਦੋਸ਼ੀਆਂ ਦੇ ਕੋਲੋਂ ਕੁਝ ਹੋਰ ਨਕਦੀ ਵੀ ਬਰਾਮਦ ਹੋਣ ਦੀ ਉਮੀਦ ਹੈ।