ਪੰਜਾਬ ਸੂਬੇ ਵਿਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਖਾਨਪੁਰ ਥਿਆੜਾ ਵਿਚ ਇਕ 65 ਸਾਲਾ ਬਜੁਰਗ ਔਰਤ ਗਿਆਨ ਕੌਰ ਦਾ ਕ-ਤ-ਲ ਕਰ ਦਿੱਤਾ ਗਿਆ ਸੀ। ਥਾਣਾ ਬੁੱਲੋਵਾਲ ਦੀ ਪੁਲਿਸ ਨੇ ਔਰਤ ਦੇ ਦੋਹਤੇ ਮਨਪ੍ਰੀਤ ਉਰਫ਼ ਮੋਨੂੰ ਵਾਸੀ ਨਸਰਾਲਾ ਅਤੇ ਉਸ ਦੇ ਚਾਰ ਸਾਥੀਆਂ ਸੁਖਵੀਰ ਸਿੰਘ ਉਰਫ਼ ਸੁੱਖਾ, ਬਲਵੀਰ ਸਿੰਘ ਉਰਫ਼ ਲਾਭੂ, ਹਰਮਨ ਸਿੰਘ ਵਾਸੀ ਮੇਘੋਵਾਲ ਗੰਜੀਆ (ਬੁੱਲੋਵਾਲ) ਦੀਪਕ ਗੁਪਤਾ ਵਾਸੀ ਦਵਿੰਡਾ ਅਹੀਰਾਣਾ (ਮੇਹਟੀਆਣਾ) ਦੇ ਖ਼ਿਲਾਫ਼ ਧਾਰਾ 302 ਏ ਦੇ ਤਹਿਤ ਪਰਚਾ ਦਰਜ ਕੀਤਾ ਹੈ।
ਇਸ ਕੇਸ ਸਬੰਧੀ ਥਾਣਾ ਬੁੱਲੋਵਾਲ ਦੇ ਐਸਐਚਓ ਪੰਕਜ ਸ਼ਰਮਾ ਨੇ ਦੱਸਿਆ ਹੈ ਕਿ ਪੁਲੀਸ ਨੇ 4 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂ ਕਿ ਮੁੱਖ ਦੋਸ਼ੀ ਦੋਹਤਾ ਮੋਨੂੰ ਅਜੇ ਤੱਕ ਫਰਾਰ ਹੈ। ਪੁਲਿਸ ਦੀ ਤਫ਼ਤੀਸ਼ ਵਿੱਚ ਨਸ਼ੇ ਦੀ ਪੂਰਤੀ ਖਾਤਰ ਪੈਸੇ ਹੜੱਪਣ ਦੀ ਨੀਅਤ ਨਾਲ ਗਿਆਨ ਕੌਰ ਦੇ ਕ-ਤ-ਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਬੁੱਧਵਾਰ ਨੂੰ ਪੋਸਟ ਮਾਰਟਮ ਕਰਵਾ ਕੇ ਮ੍ਰਿਤਕ ਦੇਹ ਵਾਰਸਾਂ ਨੂੰ ਸੌਂਪ ਦਿੱਤੀ। ਪੁਲਿਸ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਗ੍ਰਿਫਤਾਰ ਕੀਤੇ ਗਏ 4 ਦੋਸ਼ੀਆਂ ਨੇ ਇਹ ਗੱਲ ਕਬੂਲ ਕੀਤੀ ਹੈ ਕਿ ਪੈਸਿਆਂ ਦੇ ਲਾਲਚ ਵਿਚ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ।
ਨਾਨੀ ਬੈਂਕ ਤੋਂ ਪੈਨਸ਼ਨ ਲੈ ਕੇ ਆਈ ਸੀ ਜਦੋਂ ਕਿ ਦੋਹਤਾ ਮੋਨੂੰ ਸਾਥੀਆਂ ਨਾਲ ਚਿਟਾ ਸਮੇਤ ਹੋਰ ਨਸ਼ਾ ਕਰ ਰਿਹਾ ਸੀ। ਨਾਨੀ ਨੂੰ ਪੈਸੇ ਗਿਣਦਾ ਦੇਖ ਕੇ ਉਨ੍ਹਾਂ ਦੀ ਨੀਅਤ ਬਦਲ ਗਈ। ਉਨ੍ਹਾਂ ਨੇ ਮੋਨੂੰ ਨੂੰ ਨਾਨੀ ਤੋਂ ਪੈਸੇ ਮੰਗਣ ਲਈ ਕਿਹਾ। ਜਦੋਂ ਨਾਨੀ ਨੇ ਮੋਨੂੰ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਕ੍ਰੋਧ ਵਿਚ ਦੋਵਾਂ ਵਿਚਾਲੇ ਤਕਰਾਰ ਹੋ ਗਈ ਅਤੇ ਮੋਨੂੰ ਨੇ ਪੈਸੇ ਹੜੱਪਣ ਦੀ ਕੋਸ਼ਿਸ਼ ਵਿਚ ਨਾਨੀ ਦਾ ਸ਼ਾਲ ਨਾਲ ਗਲਾ ਘੁੱਟ ਦਿੱਤਾ ਜਦੋਂ ਕਿ ਬਾਕੀਆਂ ਨੇ ਉਸ ਦੇ ਸਿਰ ਉਤੇ ਕਿਸੇ ਭਾਰੀ ਚੀਜ ਨਾਲ ਵਾਰ ਕਰ ਦਿੱਤਾ। ਇਸ ਤੋਂ ਬਾਅਦ ਉਹ ਘਰੋਂ ਸਾਰਾ ਕੀਮਤੀ ਸਾਮਾਨ ਅਤੇ ਨਕਦ ਪੈਸੇ ਚੋਰੀ ਕਰਕੇ ਦੌੜ ਗਏ।