ਪੰਜਾਬ ਸੂਬੇ ਵਿਚ ਜਿਲ੍ਹਾ ਲੁਧਿਆਣਾ ਦੇ ਜਗਰਾਓਂ ਨੇੜੇ ਜਨਮਦਿਨ ਦੀ ਪਾਰਟੀ ਤੋਂ ਵਾਪਸ ਆ ਰਹੇ ਦੋਸਤਾਂ ਦੀ ਕਾਰ ਨਹਿਰ ਵਿਚ ਡਿੱਗ ਗਈ। ਇਕੱਠੇ ਹੋਏ ਲੋਕਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਹਾਦਸੇ ਦਾ ਸ਼ਿਕਾਰ ਹੋਈ ਕਾਰ ਵਿਚ ਸਵਾਰ ਦੋ ਦੋਸਤਾਂ ਦੀ ਜਾਨ ਬਚਾਈ। ਪਰ ਦੋ ਨੌਜਵਾਨ ਅਜੇ ਵੀ ਲਾਪਤਾ ਹਨ, ਜਿਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗੇ ਵਾਲੀ ਸੀਟ ਉਤੇ ਜਨਮ ਦਿਨ ਵਾਲਾ ਵਿਅਕਤੀ ਅਤੇ ਉਸ ਦਾ ਦੋਸਤ ਬੈਠੇ ਸਨ ਜਿਹੜੇ ਕਿ ਪਾਣੀ ਵਿਚ ਰੁੜ੍ਹ ਗਏ ਹਨ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਡੱਲਾ ਦੇ ਸਾਬਕਾ ਸਰਪੰਚ ਚੰਦ ਸਿੰਘ ਡੱਲਾ ਨੇ ਦੱਸਿਆ ਹੈ ਕਿ ਮੱਲਾ ਰਸੂਲਪੁਰ ਰੋਡ ਉਤੇ ਡੱਲਾ ਨਹਿਰ ਨੇੜੇ ਤਿੱਖਾ ਮੋੜ ਹੈ | ਜਿੱਥੋਂ ਇਨ੍ਹਾਂ ਦੋਸਤਾਂ ਦੀ ਜਿਨ ਗੱਡੀ ਮੁੜ ਨਾ ਸਕੀ ਤੇ ਸਿੱਧੀ ਨਹਿਰ ਦੇ ਵਿੱਚ ਜਾ ਡਿੱਗੀ। ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਪਿੰਡ ਲੱਖਾ ਦੇ ਨੌਜਵਾਨ ਦਿਲਪ੍ਰੀਤ ਸਿੰਘ ਉਮਰ 23 ਸਾਲ ਪੁੱਤਰ ਹਰਦੇਵ ਸਿੰਘ ਦਾ ਜਨਮ ਦਿਨ ਸੀ। ਬੀਤੀ ਰਾਤ ਦਿਲਪ੍ਰੀਤ ਸਿੰਘ ਆਪਣੇ ਤਿੰਨ ਦੋਸਤਾਂ ਦੇ ਨਾਲ ਪਿੰਡ ਡੱਲੇ ਦੇ ਇੱਕ ਰੈਸਟੋਰੈਂਟ ਵਿੱਚ ਪਾਰਟੀ ਕਰਨ ਲਈ ਗਏ ਸਨ। ਇੱਥੋਂ ਪਾਰਟੀ ਤੋਂ ਬਾਅਦ ਚਾਰੇ ਦੋਸਤ ਆਪਣੀ ਜ਼ੈਨ ਕਾਰ ਵਿੱਚ ਪਿੰਡ ਡੱਲਾ ਵੱਲ ਆ ਰਹੇ ਸਨ। ਇਸ ਦੌਰਾਨ ਤੇਜ਼ ਰਫ਼ਤਾਰ ਹੋਣ ਕਾਰਨ ਕਾਰ ਨਹਿਰ ਵਿੱਚ ਜਾ ਕੇ ਡਿੱਗ ਗਈ। ਦਿਲਪ੍ਰੀਤ ਸਿੰਘ ਤੇ ਸਤਨਾਮ ਸਿੰਘ ਪਾਣੀ ਵਿਚ ਰੁੜ੍ਹ ਗਏ।
ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਦਾ ਪਤਾ ਲੱਗਦੇ ਸਾਰ ਹੀ ਪਿੰਡ ਦੇ ਲੋਕ ਇਕੱਠੇ ਹੋ ਗਏ। ਉਨ੍ਹਾਂ ਵਲੋਂ ਇਸ ਘਟਨਾ ਦੀ ਅਨਾਊਂਸਮੈਂਟ ਵੀ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਕਰਵਾਈ ਗਈ। ਪਿੰਡ ਵਾਸੀਆਂ ਨੇ ਬਚਾਅ ਕਰਦੇ ਹੋਏ ਦੋ ਨੌਜਵਾਨਾਂ ਇਕਬਾਲ ਸਿੰਘ ਅਤੇ ਮਨਜਿੰਦਰ ਸਿੰਘ ਨੂੰ ਨਹਿਰ ਵਿਚੋਂ ਸੁਰੱਖਿਅਤ ਬਾਹਰ ਕੱਢ ਲਿਆ। ਜਦੋਂ ਕਿ ਦੇਰ ਰਾਤ ਤੱਕ ਪਿੰਡ ਵਾਸੀਆਂ ਵਲੋਂ ਦਿਲਪ੍ਰੀਤ ਸਿੰਘ ਤੇ ਸਤਨਾਮ ਸਿੰਘ ਨੂੰ ਬਚਾਉਣ ਲਈ ਕਈ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਉਨ੍ਹਾਂ ਦਾ ਪਤਾ ਨਹੀਂ ਲੱਗ ਸਕਿਆ। ਇਸ ਘਟਨਾ ਕਾਰਨ ਪੂਰੇ ਪਿੰਡ ਵਿਚ ਸੋਗ ਛਾ ਗਿਆ।