ਪੰਜਾਬ ਵਿਚ ਪਟਿਆਲਾ ਜਿਲ੍ਹਾ ਅੰਦਰ ਵਾਪਰੇ ਸੜਕ ਹਾਦਸੇ ਵਿਚ ਮਾਂ ਅਤੇ ਪੁੱਤ ਦੀ ਮੌ-ਤ ਹੋ ਗਈ। ਨੌਜਵਾਨ ਆਪਣੀ ਬਿਮਾਰ ਮਾਂ ਨੂੰ ਦਵਾਈ ਦਿਵਾਉਣ ਜਾ ਰਿਹਾ ਸੀ ਕਿ ਰਸਤੇ ਵਿਚ ਮੋਟਰਸਾਈਕਲ ਨੂੰ ਬੱਸ ਨੇ ਟੱਕਰ ਮਾਰ ਦਿੱਤੀ। ਹਾਦਸੇ ਨੂੰ ਦੇਖਣ ਵਾਲਿਆਂ ਮੁਤਾਬਕ ਦੋਵੇਂ ਜਣੇ ਬੱਸ ਦੇ ਟਾਇਰ ਥੱਲ੍ਹੇ ਫਸ ਗਏ ਅਤੇ ਕਾਫੀ ਦੂਰ ਤੱਕ ਘਿਸੜਦੇ ਗਏ। ਇਸ ਹਾਦਸੇ ਦੌਰਾਨ ਨੌਜਵਾਨ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ, ਜਦੋਂ ਕਿ ਬਾਅਦ ਵਿਚ ਉਸ ਦੀ ਮਾਂ ਨੇ ਇਲਾਜ ਦੌਰਾਨ ਹਸਪਤਾਲ ਵਿਚ ਦਮ ਤੋੜ ਦਿੱਤਾ। ਥਾਣਾ ਨਾਭਾ ਪੁਲਿਸ ਨੇ ਇਸ ਮਾਮਲੇ ਵਿੱਚ ਬੱਸ ਦੇ ਅਣਪਛਾਤੇ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ, ਜੋ ਘਟਨਾ ਹੋਣ ਤੋਂ ਬਾਅਦ ਮੌਕੇ ਉਤੇ ਬੱਸ ਛੱਡ ਕੇ ਦੌੜ ਗਿਆ।
ਇਸ ਸਬੰਧ ਵਿਚ ਤਫ਼ਤੀਸ਼ ਅਫ਼ਸਰ ਥਾਣਾ ਨਾਭਾ ਕੋਤਵਾਲੀ ਤੋਂ ASI ਇੰਦਰ ਸਿੰਘ ਨੇ ਦੱਸਿਆ ਹੈ ਕਿ ਨਾਭਾ ਦੀ ਵਿਸ਼ਵਕਰਮਾ ਕਲੋਨੀ ਦੇ ਰਹਿਣ ਵਾਲੇ ਨਿਤੀਸ਼ ਕੁਮਾਰ ਉਮਰ 30 ਸਾਲ ਵੀਰਵਾਰ ਦੀ ਸ਼ਾਮ ਨੂੰ ਡਾਕਟਰ ਤੋਂ ਜਾਂਚ ਕਰਵਾ ਕੇ ਆਪਣੀ ਬੀਮਾਰ ਮਾਂ ਵੰਦਨਾ ਦੇਵੀ ਉਮਰ 50 ਸਾਲ ਲਈ ਦਵਾਈ ਲੈਣ ਜਾ ਰਿਹਾ ਸੀ। ਰਸਤੇ ਵਿੱਚ ਬੌੜਾਂ ਗੇਟ ਨੇੜੇ ਰੇਲਵੇ ਪੁਲ ਤੇ ਉਸ ਦੇ ਮੋਟਰਸਾਈਕਲ ਨੂੰ ਤੇਜ਼ ਰਫ਼ਤਾਰ ਇਕ ਪ੍ਰਾਈਵੇਟ ਬੱਸ ਨੇ ਟੱਕਰ ਮਾਰ ਦਿੱਤੀ। ਇਸ ਦੌਰਾਨ ਮੋਟਰਸਾਈਕਲ ਸਣੇ ਦੋਵੇਂ ਜਣੇ ਬੱਸ ਦੇ ਟਾਇਰ ਥੱਲ੍ਹੇ ਫਸ ਗਏ, ਜਿਨ੍ਹਾਂ ਨੂੰ ਬੱਸ ਕਾਫੀ ਦੂਰ ਤੱਕ ਘਸੀਟ ਕੇ ਲੈ ਗਈ। ਇਸ ਹਾਦਸੇ ਵਿਚ ਨਿਤੀਸ਼ ਕੁਮਾਰ ਦੀ ਮੌਕੇ ਉਤੇ ਹੀ ਮੌ-ਤ ਹੋ ਗਈ, ਜਦੋਂ ਕਿ ਗੰਭੀਰ ਰੂਪ ਵਿਚ ਜ਼ਖਮੀ ਵੰਦਨਾ ਦੇਵੀ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌ-ਤ ਹੋ ਗਈ।
ਇਸ ਮਾਮਲੇ ਵਿਚ ਪੁਲੀਸ ਅਨੁਸਾਰ ਮ੍ਰਿਤਕ ਨੌਜਵਾਨ ਦੇ ਤਾਏ ਪੁੱਤਰ ਸੁਦੇਸ਼ ਕੁਮਾਰ ਦੇ ਬਿਆਨਾਂ ਉਤੇ ਪੁਲੀਸ ਨੇ ਬੱਸ ਦੇ ਅਣਪਛਾਤੇ ਡਰਾਈਵਰ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਪਰ ਉਹ ਅਜੇ ਤੱਕ ਫਰਾਰ ਹੈ। ਜਿਸ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਮ੍ਰਿਤਕ ਦੇ ਚਾਚਾ ਵਰਿੰਦਰ ਕੁਮਾਰ ਬੈਣੀ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤੇਜ਼ ਰਫ਼ਤਾਰ ਵਾਹਨਾਂ ਤੇ ਨਕੇਲ ਕੱਸੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿਚ ਇਨ੍ਹਾਂ ਦੇ ਕਾਰਨ ਕੋਈ ਹੋਰ ਘਰ ਬਰਬਾਦ ਨਾ ਹੋ ਸਕੇ। ਉਨ੍ਹਾਂ ਵਲੋਂ ਦੋਸ਼ੀ ਬੱਸ ਡਰਾਈਵਰ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ।