ਪੰਜਾਬ ਸੂਬੇ ਵਿਚ ਬਟਾਲਾ ਦੇ ਗੁਰੂ ਨਾਨਕ ਨਗਰ ਇਲਾਕੇ ਵਿਚ ਉਸ ਸਮੇਂ ਡਰ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਕਿਰਾਏ ਦੇ ਮਕਾਨ ਵਿਚ ਤਿੰਨ ਬੱਚਿਆਂ ਦੀ ਮਾਂ ਨਾਲ ਰਹਿ ਰਿਹਾ 22 ਸਾਲਾ ਨੌਜਵਾਨ ਦੀ ਸ਼ੱ-ਕੀ ਹਾਲ ਵਿਚ ਮ੍ਰਿਤਕ ਮਿਲਿਆ। ਮੌਕੇ ਉਤੇ ਪਹੁੰਚੀ ਪੁਲਿਸ ਵਲੋਂ ਘਰ ਦੇ ਦਰਵਾਜ਼ੇ ਦਾ ਜਿੰਦਰਾ ਤੋੜ ਕੇ ਨੌਜਵਾਨ ਦੀ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਬਟਾਲਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਮਿ੍ਤਕ ਦੀ ਦੇਹ ਖਰਾਬ ਹਾਲ ਵਿਚ ਸੀ। ਜਿਸ ਕਾਰਨ ਇਹ ਸਪੱਸ਼ਟ ਹੈ ਕਿ ਦੇਹ 10 ਤੋਂ 15 ਦਿਨ ਪਹਿਲਾਂ ਦੀ ਸੀ। ਜਦੋਂ ਕਿ ਉਕਤ ਨੌਜਵਾਨ ਜਿਸ ਔਰਤ ਦੇ ਨਾਲ ਰਹਿੰਦਾ ਸੀ, ਉਹ ਫ਼ਰਾਰ ਦੱਸੀ ਜਾ ਰਹੀ ਹੈ।
ਮ੍ਰਿਤਕ ਨੌਜਵਾਨ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਦੁੰਬੀਵਾਲ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਇਸ ਮੌਕੇ ਮ੍ਰਿਤਕ ਦੇ ਭਰਾ ਵਿਕਾਸ ਕੁਮਾਰ ਦਾ ਕਹਿਣਾ ਹੈ ਕਿ ਉਹ ਖੁਦ ਵਿਦੇਸ਼ ਵਿੱਚ ਰਹਿੰਦਾ ਹੈ ਅਤੇ ਕਈ ਵਾਰ ਉਸ ਨੇ ਆਪਣੇ ਭਰਾ ਸੰਨੀ ਨੂੰ ਵੀ ਵਿਦੇਸ਼ ਲਿਜਾਣ ਦੀ ਕੋਸ਼ਿਸ਼ ਕੀਤੀ ਹੈ। ਸੰਨੀ ਇਕ ਵਾਰ ਵਿਦੇਸ਼ ਚਲਾ ਵੀ ਗਿਆ ਸੀ ਪਰ ਉਕਤ ਔਰਤ ਨੇਹਾ ਸ਼ਰਮਾ ਦੇ ਕਹਿਣ ਤੇ ਉਹ ਵਾਪਸ ਆ ਗਿਆ। ਇਥੇ ਆ ਕੇ ਉਹ ਉਕਤ ਔਰਤ ਨਾਲ ਗੁਰੂ ਨਾਨਕ ਨਗਰ ਬਟਾਲਾ ਵਿਚ ਕਿਰਾਏ ਦੇ ਮਕਾਨ ਵਿਚ ਰਹਿਣ ਲੱਗ ਪਿਆ।
ਉਸ ਨੇ ਦੱਸਿਆ ਕਿ ਉਸ ਨੇ ਆਪਣੇ ਭਰਾ ਸੰਨੀ ਨੂੰ ਬਹੁਤ ਵਾਰ ਸਮਝਾਇਆ ਪਰ ਉਸ ਨੇ ਉਸ ਦੀ ਇਕ ਨਹੀਂ ਮੰਨੀ ਅਤੇ ਉਕਤ ਔਰਤ ਨੇਹਾ ਸ਼ਰਮਾ ਨਾਲ ਪਿਛਲੇ ਚਾਰ ਸਾਲਾਂ ਤੋਂ ਰਹਿਣ ਲੱਗ ਪਿਆ। ਅੱਜ ਉਕਤ ਔਰਤ ਨੇ ਉਸ ਨੂੰ ਫੋਨ ਕੀਤਾ ਕਿ ਉਹ ਕੁਝ ਦਿਨਾਂ ਲਈ ਦੂਜੇ ਸ਼ਹਿਰ ਆਈ ਹੋਈ ਹੈ। ਸੰਨੀ ਉਸ ਦਾ ਫੋਨ ਨਹੀਂ ਚੁੱਕ ਰਿਹਾ ਤੁਸੀਂ ਜਾ ਕੇ ਦੇਖੋ। ਜਦੋਂ ਉਸ ਨੇ ਬਟਾਲਾ ਆ ਕੇ ਉਕਤ ਮਕਾਨ ਨੂੰ ਦੇਖਿਆ ਤਾਂ ਘਰ ਨੂੰ ਚਾਰੇ ਪਾਸੇ ਤੋਂ ਤਾਲਾ ਲੱਗਾ ਹੋਇਆ ਸੀ ਅਤੇ ਜਦੋਂ ਸ਼ੀਸ਼ੇ ਰਾਹੀਂ ਦੇਖਿਆ ਤਾਂ ਸੰਨੀ ਦਾ ਮ੍ਰਿਤਕ ਸਰੀਰ ਬੈੱਡ ਉਤੇ ਪਿਆ ਸੀ।
ਇਸ ਦੌਰਾਨ ਉਸ ਨੇ ਇਸ ਘਟਨਾ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ। ਪੁਲਿਸ ਦੀ ਮਦਦ ਨਾਲ ਘਰ ਦੇ ਤਾਲੇ ਤੋੜੇ ਗਏ ਅਤੇ ਉਸ ਦੇ ਭਰਾ ਦੀ ਦੇਹ ਬਰਾਮਦ ਕਰਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਭੇਜੀ ਗਈ। ਉਨ੍ਹਾਂ ਨੇ ਕਿਹਾ ਕਿ ਉਹ ਇਨਸਾਫ਼ ਚਾਹੁੰਦੇ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਘਟਨਾ ਸਥਾਨ ਤੇ ਪਹੁੰਚੇ SHO ਕੁਲਵੰਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਿਆਨਾਂ ਦੇ ਆਧਾਰ ਉਤੇ ਬਣਦੀ ਕਾਨੂੰਨੀ ਕਾਰ-ਵਾਈ ਕੀਤੀ ਜਾਵੇਗੀ।