ਪੰਜਾਬ ਵਿਚ ਜਿਲ੍ਹਾ ਸੰਗਰੂਰ, ਸੁਨਾਮ ਦੇ ਵਿੱਚ ਬੀਤੇ ਵੀਰਵਾਰ ਨੂੰ ਵਾਪਰੇ ਇੱਕ ਦਰਦ ਭਰੇ ਹਾਦਸੇ ਵਿੱਚ ਪੰਜ ਲੋਕਾਂ ਦੀ ਜਾਨ ਚਲੀ ਗਈ। ਲੋਹੜੀ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਤੋਂ ਬਾਅਦ ਆਲਟੋ ਕਾਰ ਵਿਚ ਘਰ ਨੂੰ ਆ ਰਹੇ ਪਰਿਵਾਰ ਦੀ ਗੱਡੀ ਹਾਦਸਾ ਗ੍ਰਸਤ ਹੋ ਗਈ। ਇਹ ਹਾਦਸਾ ਵੀਰਵਾਰ ਦੀ ਸ਼ਾਮ ਨੂੰ ਵਾਪਰਿਆ ਹੈ। ਇਸ ਹਾਦਸੇ ਵਿੱਚ ਆਲਟੋ ਕਾਰ ਡਰਾਈਵਰ ਜਸਪ੍ਰੀਤ ਸਿੰਘ ਉਮਰ 23 ਸਾਲ ਉਸ ਦੀ ਮਾਤਾ ਚਰਨਜੀਤ ਕੌਰ ਉਮਰ 45 ਸਾਲ ਰਿਸ਼ਤੇਦਾਰ ਵੀਰਪਾਲ ਕੌਰ ਉਮਰ 28 ਸਾਲ ਪਰਮਜੀਤ ਕੌਰ ਉਮਰ 55 ਸਾਲ ਅਤੇ ਜਪਜੋਤ ਸਿੰਘ ਉਮਰ 6 ਸਾਲ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਜਦੋਂ ਕਿ 42 ਸਾਲਾ ਸਿਮਰਜੀਤ ਕੌਰ ਨੂੰ ਗੰਭੀਰ ਜਖਮੀ ਹਾਲ ਵਿੱਚ ਪਟਿਆਲਾ ਦੇ ਰਜਿੰਦਰਾ ਹਸਪਤਾਲ ਭਰਤੀ ਕਰਾਇਆ ਗਿਆ ਹੈ।
ਇਸ ਘਟਨਾ ਸਬੰਧੀ ਖਡਿਆਲ ਕੋਠੇ ਆਲਾ ਸਿੰਘ ਦੇ ਸਰਪੰਚ ਭੋਲਾ ਰਾਮ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਪਿੰਡ ਦਾ ਰਹਿਣ ਵਾਲਾ ਇਹ ਪਰਿਵਾਰ ਰਿਸ਼ਤੇਦਾਰੀ ਵਿਚ ਰੱਖੇ ਗਏ ਲੋਹੜੀ ਸਮਾਗਮ ਵਿੱਚ ਸ਼ਾਮਲ ਹੋ ਕੇ ਕਾਰ ਵਿੱਚ ਘਰ ਨੂੰ ਵਾਪਸ ਆ ਰਿਹਾ ਸੀ। ਆਲਟੋ ਕਾਰ ਪਿੰਡ ਚੱਠਾ ਨਨਹੇੜਾ ਅਤੇ ਚਾਹੜ ਵਿਚਕਾਰ ਨਹਿਰੀ ਪਾਣੀ ਦੀ ਪੁਲੀ ਨਾਲ ਟਕਰਾ ਕੇ ਪਲਟ ਗਈ। ਇਸ ਦੌਰਾਨ ਪੰਜ ਵਿਅਕਤੀਆਂ ਦੀ ਮੌਕੇ ਉਤੇ ਹੀ ਜਾਨ ਚਲੀ ਗਈ ਜਦੋਂ ਕਿ ਗੰਭੀਰ ਰੂਪ ਵਿਚ ਜ਼ਖ਼ਮੀ ਇਕ ਔਰਤ ਨੂੰ ਸੁਨਾਮ ਤੋਂ ਪਟਿਆਲਾ ਦੇ ਲਈ ਰੈਫ਼ਰ ਕਰ ਦਿੱਤਾ ਗਿਆ। ਦੇਹਾਂ ਨੂੰ ਸੁਨਾਮ ਦੇ ਸਰਕਾਰੀ ਹਸਪਤਾਲ ਦੇ ਵਿੱਚ ਰਖਾਇਆ ਗਿਆ ਹੈ।
ਇਸ ਹਾਦਸੇ ਦੀ ਸੂਚਨਾ ਮਿਲਦਿਆਂ ਸਾਰ ਹੀ ਪਿੰਡ ਵਿੱਚ ਸੋਗ ਦੀ ਲਹਿਰ ਛਾ ਗਈ ਅਤੇ ਵੱਡੀ ਗਿਣਤੀ ਵਿੱਚ ਲੋਕ ਸੁਨਾਮ ਦੇ ਸਰਕਾਰੀ ਹਸਪਤਾਲ ਦੇ ਵਿੱਚ ਪਹੁੰਚ ਗਏ। ਦੱਸਿਆ ਜਾ ਰਿਹਾ ਹੈ ਕਿ ਕਾਰ ਦੀ ਰਫਤਾਰ ਤੇਜ਼ ਹੋਣ ਦੇ ਕਾਰਨ ਹਾਦਸੇ ਨੇ ਭਿਆ-ਨਕ ਰੂਪ ਧਾਰਨ ਕੀਤਾ ਹੈ। ਕਾਰ ਡਰਾਈਵਰ ਤੋਂ ਬੇਕਾਬੂ ਹੋ ਕੇ ਪਾਣੀ ਦੀ ਪੁਲੀ ਨਾਲ ਜਾ ਕੇ ਟਕਰਾ ਗਈ। ਪਿੰਡ ਚਾਹੜ ਦੇ ਸਰਪੰਚ ਵਲੋਂ ਪੁਲਿਸ ਨੂੰ ਇਸ ਹਾਦਸੇ ਦੀ ਸੂਚਨਾ ਦਿੱਤੀ ਗਈ। ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਪਿੰਡ ਵਾਲਿਆਂ ਨੇ ਲੋਕਾਂ ਨੂੰ ਕਾਰ ਵਿਚੋਂ ਬਾਹਰ ਕੱਢ ਲਿਆ।