ਪੰਜਾਬ ਵਿਚ ਲੁਧਿਆਣੇ ਜਿਲ੍ਹੇ ਅੰਦਰ ਸ਼ੇਰਪੁਰ ਦੀ ਫੌਜੀ ਕਲੋਨੀ ਦੇ ਇਲਾਕੇ ਵਿੱਚ ਡਿਊਟੀ ਤੋਂ ਘਰ ਪਰਤ ਰਹੇ ਵਿਕਾਸ ਕੁਮਾਰ ਉਮਰ 19 ਸਾਲ ਦਾ ਕ-ਤ-ਲ ਕਰਕੇ ਮ੍ਰਿਤਕ ਸਰੀਰ ਨੂੰ ਖਾਲੀ ਪਏ ਪਲਾਟ ਵਿੱਚ ਸੁੱਟ ਦਿੱਤਾ ਗਿਆ। ਇਹ ਘਟਨਾ ਮੰਗਲਵਾਰ ਦੀ ਸਵੇਰੇ ਉਸ ਸਮੇਂ ਸਾਹਮਣੇ ਆਈ ਹੈ ਜਦੋਂ ਸਫਾਈ ਕਰਮਚਾਰੀ ਇਲਾਕੇ ਦੀ ਸਫਾਈ ਕਰ ਰਹੇ ਸਨ। ਉਨ੍ਹਾਂ ਨੇ ਮ੍ਰਿਤਕ ਦੇਹ ਨੂੰ ਦੇਖ ਕੇ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੋਤੀ ਨਗਰ ਦੀ ਪੁਲਸ ਮੌਕੇ ਉਤੇ ਪਹੁੰਚ ਗਈ। ਇਸ ਦੌਰਾਨ ਇਲਾਕੇ ਦੇ ਲੋਕਾਂ ਨੇ ਥਾਣਾ ਮੋਤੀ ਨਗਰ ਪੁਲਿਸ ਖਿਲਾਫ ਜੰਮ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਦੋਸ਼ ਲਾਇਆ ਕਿ ਇੱਥੇ ਪ੍ਰਵਾਸੀ ਮਜ਼ਦੂਰਾਂ ਤੋਂ ਰੋਜ਼ਾਨਾ ਲੁੱਟ ਖੋਹ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਕਈ ਵਾਰ ਕਹਿਣ ਦੇ ਬਾਵਜੂਦ ਵੀ ਇਲਾਕੇ ਵਿੱਚ ਪੁਲਿਸ ਦੀ ਗਸ਼ਤ ਨਹੀਂ ਵਧਾਈ ਜਾ ਰਹੀ। ਇਸ ਦੌਰਾਨ ਪੁਲੀਸ ਅਧਿਕਾਰੀਆਂ ਨੇ ਮਜ਼ਦੂਰਾਂ ਨੂੰ ਸ਼ਾਂਤ ਕਰਦਿਆਂ ਭਰੋਸਾ ਦਿੱਤਾ ਹੈ ਕਿ ਇਲਾਕੇ ਵਿੱਚ ਗਸ਼ਤ ਵਧਾਈ ਜਾਵੇਗੀ ਅਤੇ ਨਾਜਾਇਜ਼ ਧੰਦਿਆਂ ਨੂੰ ਵੀ ਰੋਕ ਦਿੱਤਾ ਜਾਵੇਗਾ। ਜਿਸ ਤੋਂ ਬਾਅਦ ਪੁਲਸ ਨੇ ਵਿਕਾਸ ਦੀ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਵਲੋਂ ਇਸ ਮਾਮਲੇ ਵਿਚ ਅਣਪਛਾਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪ੍ਰਾਪਤ ਹੋਈ ਜਾਣਕਾਰੀ ਦੇ ਮੁਤਾਬਕ ਮ੍ਰਿਤਕ ਵਿਕਾਸ ਮੂਲ ਰੂਪ ਤੋਂ ਬਿਹਾਰ ਦੇ ਗਯਾ ਜ਼ਿਲੇ ਦਾ ਰਹਿਣ ਵਾਲਾ ਹੈ। ਉਹ ਇੱਥੇ ਕਾਫੀ ਸਮੇਂ ਤੋਂ ਰਹਿ ਰਿਹਾ ਸੀ ਅਤੇ ਆਰਤੀ ਸਟੀਲ ਦੇ ਵਿੱਚ ਕੰਮ ਕਰਦਾ ਸੀ। ਵਿਕਾਸ ਰੋਜ਼ ਦੀ ਤਰ੍ਹਾਂ ਦੇਰ ਰਾਤ ਨੂੰ ਡਿਊਟੀ ਖਤਮ ਕਰਕੇ ਘਰ ਨੂੰ ਪਰਤ ਰਿਹਾ ਸੀ। ਫੌਜੀ ਕਲੋਨੀ ਦੇ ਰੇਲਵੇ ਗੇਟ ਦੇ ਨੇੜੇ ਅਣਪਛਾਤੇ ਹਮਲਾ-ਵਰਾਂ ਵੱਲੋਂ ਉਸ ਦਾ ਕ-ਤ-ਲ ਕਰ ਦਿੱਤਾ ਗਿਆ। ਅਜੇ ਤੱਕ ਕ-ਤ-ਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀਆਂ ਨੇ ਮ੍ਰਿਤਕ ਸਰੀਰ ਨੂੰ ਖਾਲੀ ਪਲਾਟ ਦੇ ਵਿੱਚ ਸੁੱਟ ਦਿੱਤਾ। ਵਿਕਾਸ ਦੀ ਭਾਲ ਲਈ ਪਰਿਵਾਰਕ ਮੈਂਬਰ ਰਾਤ ਨੂੰ ਇਧਰ ਉਧਰੁ ਭਟਕਦੇ ਰਹੇ।
ਸਵੇਰੇ ਜਦੋਂ ਸਫਾਈ ਕਰਮਚਾਰੀ ਸਫਾਈ ਕਰ ਰਹੇ ਸਨ ਤਾਂ ਦੇਹ ਦੇਖ ਕੇ ਹੈਰਾਨ ਰਹਿ ਗਏ। ਉਨ੍ਹਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਜਿਸ ਤੋਂ ਬਾਅਦ ਪੁਲਿਸ ਘਟਨਾ ਵਾਲੀ ਥਾਂ ਪਹੁੰਚੀ ਅਤੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਥਾਣਾ ਮੋਤੀ ਨਗਰ ਦੇ SHO ਸਬ-ਇੰਸਪੈਕਟਰ ਜਗਜੀਤ ਸਿੰਘ ਨੇ ਦੱਸਿਆ ਹੈ ਕਿ ਪੁਲਿਸ ਅਧਿਕਾਰੀ ਇਲਾਕੇ ਵਿੱਚ ਗਸ਼ਤ ਕਰ ਰਹੇ ਹਨ। ਲੋਕਾਂ ਦੇ ਇਹ ਦੋਸ਼ ਬਿਲਕੁਲ ਗਲਤ ਹਨ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਲੱਗੇ CCTV ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਜਲਦੀ ਹੀ ਇਸ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ।