ਜਿਲ੍ਹਾ ਅੰਮ੍ਰਿਤਸਰ (ਪੰਜਾਬ) ਵਿੱਚ ਇੱਕ ਮਾਤਾ ਤੋਂ ਨਸ਼ੇ ਨੇ ਉਸ ਦਾ ਪੁੱਤ ਖੋਹ ਲਿਆ। ਇੰਨਾ ਹੀ ਨਹੀਂ ਮਾਤਾ ਇੰਨੀ ਬਦ ਕਿਸਮਤ ਹੈ ਕਿ ਉਸ ਕੋਲ ਆਪਣੇ ਜਿਗਰ ਦੇ ਟੁਕੜੇ ਦਾ ਅੰਤਿਮ ਸੰਸਕਾਰ ਕਰਨ ਦੇ ਲਈ ਪੈਸੇ ਵੀ ਨਹੀਂ ਹਨ। ਉਹ ਪਿਛਲੇ ਦਿਨ ਤੋਂ ਆਪਣੇ ਪੁੱਤ ਦੀ ਦੇਹ ਨੂੰ ਘਰ ਵਿੱਚ ਰੱਖ ਕੇ ਬੈਠੀ ਹੈ। ਉਸ ਦੀ ਬੇਵਸੀ ਨੂੰ ਦੇਖਦੇ ਹੋਏ ਹੁਣ ਪਿੰਡ ਦੇ ਲੋਕਾਂ ਵਲੋਂ ਪੈਸੇ ਇਕੱਠੇ ਕੀਤੇ ਗਏ ਹਨ ਤਾਂ ਜੋ ਨੌਜਵਾਨ ਦੇ ਮ੍ਰਿਤਕ ਸਰੀਰ ਦਾ ਸੰਸਕਾਰ ਕੀਤਾ ਜਾ ਸਕੇ। ਇਹ ਘਟਨਾ ਅੰਮ੍ਰਿਤਸਰ ਜਿਲ੍ਹੇ ਦੇ ਪਿੰਡ ਚਾਟੀਵਿੰਡ ਦੀ ਹੈ। ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਵਾਲੀ ਵਿਧਵਾ ਮਾਤਾ ਰਾਜਬੀਰ ਕੌਰ ਤੋਂ ਨਸ਼ੇ ਦੀ ਨਾਮੁਰਾਦ ਆਦਤ ਨੇ ਉਸ ਦਾ ਜਵਾਨ ਪੁੱਤ ਖੋਹ ਲਿਆ।
ਮ੍ਰਿਤਕ ਦੇ ਦੋ ਬੇਟੇ ਹਨ ਅਤੇ ਪਤਨੀ ਗਰਭ-ਵਤੀ ਵੀ ਹੈ ਪਰ ਤੀਜੀ ਔਲਾਦ ਦੇ ਜਨਮ ਤੋਂ ਪਹਿਲਾਂ ਹੀ ਉਸ ਦੀ ਮੌ-ਤ ਹੋ ਗਈ ਸੀ। ਹੁਣ ਉਸ ਦੇ ਸਿਰ ਉਤੇ ਪਰਿਵਾਰ ਦਾ ਬੋਝ ਹੋਰ ਵੀ ਵੱਧ ਗਿਆ ਹੈ। ਉਸ ਨੂੰ ਸਮਝ ਨਹੀਂ ਆ ਰਹੀ ਕਿ ਪਰਿਵਾਰ ਦੀ ਦੇਖਭਾਲ ਕਿਸ ਤਰ੍ਹਾਂ ਕਰੇਗੀ। ਆਪਣੇ ਦੁੱਖ ਬਿਆਨ ਕਰਦਿਆਂ ਰਾਜਬੀਰ ਕੌਰ ਨੇ ਦੱਸਿਆ ਕਿ ਪਿਛਲੇ 2 ਸਾਲਾਂ ਵਿੱਚ ਉਸ ਦਾ ਪਰਿਵਾਰ ਬਰ-ਬਾਦ ਹੋ ਗਿਆ ਹੈ। ਪਹਿਲਾਂ ਦੋ ਪੁੱਤ ਨਸ਼ੇ ਦੀ ਭੇਟ ਚੜ੍ਹ ਗਏ। ਉਨ੍ਹਾਂ ਵਿੱਚੋਂ ਇੱਕ ਦੇ ਦੋ ਬੱਚਿਆਂ ਦੀ ਉਹ ਦੇਖਭਾਲ ਕਰ ਰਹੀ ਹੈ। ਹੁਣ ਇਹ ਤੀਜਾ ਪੁੱਤ ਬਿੱਟੂ ਵੀ ਦੁਨੀਆਂ ਤੋਂ ਚੱਲ ਵਸਿਆ। ਉਸ ਨੇ ਦੱਸਿਆ ਕਿ ਘਰ ਦੇ ਹਾਲਾਤ ਵੀ ਅਜਿਹੇ ਨਹੀਂ ਹਨ ਕਿ ਉਹ ਇਕੱਲੀ ਹੀ ਪੂਰੇ ਪਰਿਵਾਰ ਨੂੰ ਸੰਭਾਲ ਸਕੇ। ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਉਹ ਪਰਿਵਾਰ ਦਾ ਢਿੱਡ ਭਰਨ ਦੇ ਲਈ ਗੁਰਦੁਆਰਾ ਸਾਹਿਬ ਤੋਂ ਖਾਣਾ ਲੈ ਕੇ ਆਉਂਦੀ ਹੈ।
ਰਾਜਬੀਰ ਕੌਰ ਨੇ ਦੱਸਿਆ ਕਿ ਉਹ ਬੀਤੇ ਦਿਨ ਤੋਂ ਆਪਣੇ ਲੜਕੇ ਦੀ ਮ੍ਰਿਤਕ ਦੇਹ ਘਰ ਵਿੱਚ ਰੱਖੀ ਬੈਠੀ ਹੈ। ਉਸ ਕੋਲ ਸੰਸਕਾਰ ਕਰਨ ਲਈ ਵੀ ਪੈਸੇ ਨਹੀਂ ਹਨ। ਜਿਸ ਤੋਂ ਬਾਅਦ ਪਿੰਡ ਵਾਲਿਆਂ ਵਲੋਂ ਪੈਸੇ ਇਕੱਠੇ ਕਰਕੇ ਅਤੇ ਉਨ੍ਹਾਂ ਦੇ ਕੁਝ ਰਿਸ਼ਤੇਦਾਰਾਂ ਵਲੋਂ ਪੈਸੇ ਦੇ ਕੇ ਮਦਦ ਕੀਤੀ ਗਈ ਹੈ। ਅੱਗੇ ਰਾਜਬੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿਚ ਖੁੱਲ੍ਹੇ ਆਮ ਨਸ਼ਾ ਵਿਕ ਰਿਹਾ ਹੈ। ਪਹਿਲਾਂ ਉਨ੍ਹਾਂ ਦੇ ਬੱਚੇ ਚਿੱ-ਟੇ ਦਾ ਨਸ਼ਾ ਲੈਂਦੇ ਸਨ। ਜਿਸ ਤੋਂ ਬਾਅਦ ਉਨ੍ਹਾਂ ਦਾ ਸਰੀਰ ਹੀ ਖਤਮ ਹੋ ਗਿਆ। ਹੁਣ ਕੁਝ ਸਮੇਂ ਤੋਂ ਉਸ ਦਾ ਇਹ ਲੜਕਾ ਨਸ਼ਾ ਛੁਡਾਉਣ ਵਾਲੇ ਕੇਂਦਰ ਤੋਂ ਦਵਾਈ ਲੈ ਰਿਹਾ ਸੀ ਪਰ ਉਸ ਦੀ ਹਾਲਤ ਹੋਰ ਵਿਗੜ ਗਈ। ਰਾਜਬੀਰ ਕੌਰ ਨੇ ਦੋਸ਼ ਲਾਇਆ ਕਿ ਪੁਲਿਸ ਪਿੰਡ ਵਿੱਚ ਨਸ਼ੇ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ।