ਪੰਜਾਬ ਦੇ ਜਿਲ੍ਹਾ ਕਪੂਰਥਲਾ ਵਿਚ ਡੀਸੀ ਚੌਕ ਨੇੜੇ ਨਾਕੇ ਉਤੇ ਡਿਊਟੀ ਤੇ ਖੜ੍ਹੇ ਟ੍ਰੈਫਿਕ ਪੁਲਿਸ ਦੇ ਏ. ਐੱਸ. ਆਈ. ਨੂੰ ਛੋਟੇ ਹਾਥੀ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ASI ਮਲਕੀਤ ਸਿੰਘ ਦੀ ਮੌ-ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ASI ਦੀ ਜੈਕੇਟ ਛੋਟੇ ਹਾਥੀ (ਟਾਟਾ ਏਸ) ਵਿੱਚ ਫਸ ਗਈ ਅਤੇ ਗੱਡੀ ਉਸ ਨੂੰ ਕਾਫ਼ੀ ਦੂਰ ਤੱਕ ਖਿੱਚ ਕੇ ਲੈ ਗਈ। ਖਬਰ ਲਿਖੇ ਜਾਣ ਤੱਕ ਪੁਲਿਸ ਡਰਾਈਵਰ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਸੀ। ਇਸ ਘਟਨਾ ਸਬੰਧੀ ਦੱਸਿਆ ਜਾ ਰਿਹਾ ਹੈ ਕਿ ਦੁਪਹਿਰ 2 ਵਜੇ ਦੇ ਕਰੀਬ ਡੀਸੀ ਚੌਕ ਉਤੇ ਟਰੈਫਿਕ ਪੁਲਿਸ ਕਰਮੀਆਂ ਵੱਲੋਂ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਕਰਤਾਰਪੁਰ ਦੀ ਤਰਫ ਤੋਂ ਇੱਕ ਛੋਟਾ ਹਾਥੀ (ਟਾਟਾ ਏਸ) UP-11-CT-1171 ਆਇਆ।
ਜਦੋਂ ਟਰੈਫਿਕ ਪੁਲੀਸ ਕਰਮੀਆਂ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਡਰਾਈਵਰ ਨੇ ਰੁਕਣ ਦੀ ਬਜਾਏ ਟ੍ਰੈਫਿਕ ਕਰਮਚਾਰੀਆਂ ਦੀ ਅਣਦੇਖੀ ਕਰਦੇ ਹੋਏ ਗੱਡੀ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਹੀ ਏਐਸਆਈ ਮਲਕੀਤ ਸਿੰਘ ਨੂੰ ਟੱਕਰ ਮਾਰ ਕੇ ਗੱਡੀ ਨੂੰ ਜਲੰਧਰ ਵੱਲ ਭਜਾ ਦਿੱਤਾ ਗਿਆ। ਟ੍ਰੈਫਿਕ ਇੰਚਾਰਜ ਸੁਖਵਿੰਦਰ ਸਿੰਘ ਦੇ ਦੱਸਣ ਮੁਤਾਬਕ ਇਸ ਦੌਰਾਨ ਏਐਸਆਈ ਮਲਕੀਤ ਸਿੰਘ ਦੀ ਜੈਕੇਟ ਛੋਟੇ ਹਾਥੀ ਵਿੱਚ ਫਸ ਗਈ। ਡਰਾਈਵਰ ਉਸ ਨੂੰ ਕਾਫੀ ਦੂਰ ਤੱਕ ਖਿੱਚਦੇ ਹੋਏ ਲੈ ਗਿਆ। ਹਾਦਸੇ ਵਿੱਚ ਜ਼ਖ਼ਮੀ ਹੋਏ ਏਐਸਆਈ ਮਲਕੀਤ ਸਿੰਘ ਵਾਸੀ ਅਜੀਤ ਨਗਰ ਨੂੰ ਇਲਾਜ ਦੇ ਲਈ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਸੀ।
ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ASI ਮਲਕੀਤ ਸਿੰਘ ਦੀ ਇਲਾਜ ਦੇ ਦੌਰਾਨ ਮੌ-ਤ ਹੋ ਗਈ ਹੈ। ਜਿਸ ਦੀ ਮ੍ਰਿਤਕ ਦੇਹ ਨੂੰ ਪੋਸਟ ਮਾਰਟਮ ਲਈ ਮੋਰਚਰੀ ਵਿਚ ਰਖਵਾਇਆ ਗਿਆ ਹੈ। SPD ਹਰਵਿੰਦਰ ਸਿੰਘ ਨੇ ਇਸ ਘਟਨਾ ਉਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਹੈ ਕਿ ਟਾਟਾ ਏਸ ਨੂੰ ਕਾਬੂ ਕਰਨ ਦੇ ਲਈ ਆਸ ਪਾਸ ਦੇ ਜ਼ਿਲ੍ਹਿਆਂ ਨੂੰ ਹਾਈ ਅਲਰਟ ਕਰ ਦਿੱਤਾ ਗਿਆ ਹੈ। ਜਲਦੀ ਹੀ ਉਸ ਦੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਥਾਣਾ ਸਿਟੀ ਵਿੱਚ ਅਣਪਛਾਤੇ ਵਾਹਨ ਡਰਾਈਵਰ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।