ਜ਼ਿਲ੍ਹਾ ਪਟਿਆਲਾ (ਪੰਜਾਬ) ਦੇ ਥਾਣਾ ਮਾਡਲ ਟਾਊਨ ਅੰਦਰ ਪੈਂਦੇ ਨਾਭਾ ਰੋਡ ਉਤੇ ਪੀਆਰਟੀਸੀ ਨੇੜੇ ਸੋਮਵਾਰ ਦੀ ਅੱਧੀ ਰਾਤ 12 ਵਜੇ ਦੇ ਕਰੀਬ ਇੱਕ ਕਾਰ ਹਾਦਸੇ ਵਿੱਚ ਨੌਜਵਾਨ ਵਕੀਲ ਸੁਖਮਨਦੀਪ ਸਿੰਘ ਸਰਾਂ ਦੀ ਮੌਤ ਹੋ ਗਈ। ਉਹ 22 ਨੰਬਰ ਗੇਟ ਦੇ ਨੇੜੇ ਹੀਰਾ ਨਗਰ ਦਾ ਰਹਿਣ ਵਾਲਾ ਸੀ। ਤੇਜ਼ ਰਫ਼ਤਾਰ ਅਤੇ ਸਾਹਮਣੇ ਤੋਂ ਇੱਕ ਲਾਵਾਰਿਸ ਪਸ਼ੂ ਦੇ ਆਉਣ ਦੇ ਕਾਰਨ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਗੱਡੀ ਬਿਜਲੀ ਦੇ ਖੰਭੇ ਨਾਲ ਜਾ ਕੇ ਟਕਰਾ ਕੇ ਕਈ ਪਲਟੀਆਂ ਲੈਣ ਤੋਂ ਬਾਅਦ ਹਾਦਸਾ ਗ੍ਰਸਤ ਹੋ ਗਈ।
ਇਸ ਹਾਦਸੇ ਵਿਚ ਘਟਨਾ ਵਾਲੀ ਥਾਂ ਉਤੇ ਗੰਭੀਰ ਜ਼ਖਮੀ ਹੋਏ ਸੁਖਮਨਦੀਪ ਸਿੰਘ ਨੂੰ ਉੱਥੋਂ ਲੰਘ ਰਹੇ ਕੁਝ ਰਾਹਗੀਰ ਲੋਕਾਂ ਨੇ ਕਾਰ ਵਿਚੋਂ ਬਾਹਰ ਕੱਢਿਆ ਅਤੇ ਤੁਰੰਤ ਹੀ ਨੇੜੇ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਭਰਤੀ ਕਰਵਾਇਆ। ਉਥੇ ਮੁੱਢਲੀ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਿਸ ਦੇ ਦੱਸਣ ਅਨੁਸਾਰ ਮ੍ਰਿਤਕ ਸੁਖਮਨਦੀਪ ਸਿੰਘ ਆਪਣੇ ਮਾਪਿਆਂ ਦਾ ਇਕ-ਲੌਤਾ ਪੁੱਤ ਸੀ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਮ੍ਰਿਤਕ ਦੇਹ ਨੂੰ ਕਬਜ਼ੇ ਵਿਚ ਲੈ ਲਿਆ। ਮ੍ਰਿਤਕ ਦੇਹ ਦਾ ਪੋਸਟ ਮਾਰਟਮ ਕਰਵਾ ਦਿੱਤਾ ਗਿਆ ਹੈ।
ਮ੍ਰਿਤਕ ਦੀ ਭੈਣ ਦੇ ਵਿਦੇਸ਼ ਤੋਂ ਪਰਤਣ ਤੋਂ ਬਾਅਦ ਅੰਤਿਮ ਸੰਸਕਾਰ ਕੀਤਾ ਜਾਵੇਗਾ। ਇਸ ਸਬੰਧੀ ਪੁਲੀਸ ਚੌਕੀ ਦੇ ਇੰਚਾਰਜ ਰਣਜੀਤ ਸਿੰਘ ਨੇ ਦੱਸਿਆ ਕਿ ਫਿਲਹਾਲ ਹਾਦਸੇ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ। ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਸਾਹਮਣੇ ਤੋਂ ਆਵਾਰਾ ਪਸ਼ੂ ਆਉਣ ਦੇ ਕਾਰਨ ਕਾਰ ਬੇਕਾਬੂ ਹੋ ਗਈ ਅਤੇ ਇਹ ਦੁਖਦ ਹਾਦਸਾ ਵਾਪਰ ਗਿਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੁਖਮਨਦੀਪ ਸਿੰਘ ਜ਼ਿਲ੍ਹਾ ਕਚਹਿਰੀ ਪਟਿਆਲਾ ਵਿਖੇ ਪ੍ਰੈਕਟਿਸ ਕਰਦੇ ਸਨ। ਹਾਦਸੇ ਤੋਂ ਬਾਅਦ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਕੇਪੀ ਸਿੰਘ ਨੇ ਮਤਾ ਪਾਸ ਕਰਦਿਆਂ ਮੰਗਲਵਾਰ ਨੂੰ ਨੋ ਵਰਕ ਡੇ ਰੱਖਿਆ।