ਇਹ ਸਮਾਚਾਰ ਜ਼ਿਲ੍ਹਾ ਪਟਿਆਲਾ (ਪੰਜਾਬ) ਤੋਂ ਪ੍ਰਾਪਤ ਹੋਇਆ ਹੈ। ਇਥੇ ਬਨੂੜ ਦੇ ਨੇੜਲੇ ਪਿੰਡ ਕਾਲੋਮਾਜਰਾ ਵਿੱਚ ਇੱਕ 33 ਸਾਲਾ ਵਿਆਹੁਤਾ ਨੇ ਆਪਣੇ ਪਤੀ ਨਾਲ ਕਲੇਸ਼ ਤੋਂ ਅੱਕ ਕੇ ਕੋਈ ਜ਼ਹਿਰ ਵਾਲੀ ਚੀਜ਼ ਨਿਗਲ ਕੇ ਆਪਣੇ ਜੀਵਨ ਨੂੰ ਸਮਾਪਤ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾ ਦਾ ਪਤੀ ਸ਼ਰਾਬ ਦਾ ਆਦੀ ਸੀ। ਪੁਲਿਸ ਵਲੋਂ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਉਤੇ ਮ੍ਰਿਤਕ ਔਰਤ ਦੇ ਪਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਘਟਨਾ ਸਬੰਧੀ ਏ.ਐਸ.ਆਈ ਮਹਿੰਦਰ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਕੌਰ ਦੇ ਪਿਤਾ ਰਜਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਚੌੜਾ ਥਾਣਾ ਅਰਬਨ ਅਸਟੇਟ ਪਟਿਆਲਾ ਨੇ ਸ਼ਕਾਇਤ ਦਰਜ ਕਰਵਾਈ ਹੈ।
ਸ਼ਕਾਇਤ ਵਿਚ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਲੜਕੀ ਸੁਖਵਿੰਦਰ ਕੌਰ ਦਾ ਵਿਆਹ ਸਾਲ 2009 ਵਿਚ ਗੁਰਵਿੰਦਰ ਸਿੰਘ ਪੁੱਤਰ ਸੰਤ ਸਿੰਘ ਵਾਸੀ ਕਾਲੋਮਾਜਰਾ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਨ੍ਹਾਂ ਦੇ ਘਰ ਇੱਕ ਲੜਕੀ ਅਤੇ ਇੱਕ ਲੜਕੇ ਨੇ ਜਨਮ ਲਿਆ। ਉਸ ਦਾ ਪਤੀ ਗੁਰਵਿੰਦਰ ਸਿੰਘ ਸ਼ਰਾਬ ਦਾ ਆਦੀ ਸੀ ਅਤੇ ਸ਼ਰਾਬ ਪੀ ਕੇ ਅਕਸਰ ਉਸ ਦੀ ਕੁੱਟ-ਮਾਰ ਕਰਦਾ ਸੀ। ਪਰ ਉਸ ਦੀ ਧੀ ਹਰ ਰੋਜ਼ ਦੀ ਇਸ ਲੜਾਈ ਦਾ ਸਾਹਮਣਾ ਕਰ ਰਹੀ ਸੀ। ਜਦੋਂ ਗੁਰਵਿੰਦਰ ਸਿੰਘ ਨੇ ਉਸ ਦੀ ਹੋਰ ਜ਼ਿਆਦਾ ਕੁੱਟ-ਮਾਰ ਸ਼ੁਰੂ ਕਰ ਦਿੱਤੀ ਤਾਂ ਉਸ ਨੇ ਆਪਣੇ ਪੇਕੇ ਪਰਿਵਾਰ ਨੂੰ ਇਸ ਬਾਰੇ ਦੱਸਿਆ। ਫਿਰ ਉਸ ਨੇ ਆਪਣੀ ਧੀ ਸੁਖਵਿੰਦਰ ਕੌਰ ਨੂੰ ਮਾਪੇ ਆਪਣੇ ਨਾਲ ਲੈ ਗਏ।
ਜਿਸ ਤੋਂ ਬਾਅਦ ਪੰਚਾਇਤ ਵਿਚ ਫੈਸਲਾ ਹੋਇਆ ਅਤੇ ਸੁਖਵਿੰਦਰ ਕੌਰ ਨੂੰ ਮੁੜ ਉਸ ਦੇ ਸਹੁਰੇ ਘਰ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਵੀ ਗੁਰਵਿੰਦਰ ਨੇ ਆਪਣੀਆਂ ਗਤੀ ਵਿਧੀਆਂ ਬੰਦ ਨਹੀਂ ਕੀਤੀਆਂ। 22 ਜਨਵਰੀ ਨੂੰ ਉਸ ਦੇ ਜਵਾਈ ਗੁਰਵਿੰਦਰ ਸਿੰਘ ਨੇ ਸ਼ਰਾਬ ਪੀ ਕੇ ਉਸ ਦੀ ਧੀ ਦੀ ਕੁੱਟ-ਮਾਰ ਕਰ ਦਿੱਤੀ, ਜਿਸ ਕਾਰਨ ਉਸ ਨੇ ਕੋਈ ਜ਼ਹਿਰ ਵਾਲੀ ਚੀਜ਼ ਨਿਗਲ ਲਈ। ਉਸ ਦੀ ਲੜਕੀ ਵੱਲੋਂ ਇਹ ਸਭ ਕਰਨ ਤੋਂ ਬਾਅਦ ਗੁਰਵਿੰਦਰ ਸਿੰਘ ਦਾ ਫੋਨ ਆਇਆ ਕਿ ਸੁਖਵਿੰਦਰ ਕੌਰ ਨੇ ਕੋਈ ਜ਼ਹਿਰ ਵਾਲੀ ਚੀਜ਼ ਖਾ ਲਈ ਹੈ ਅਤੇ ਉਸ ਨੂੰ ਇਲਾਜ ਦੇ ਲਈ ਰਾਜਪੁਰਾ ਦੇ ਏ.ਪੀ ਜੈਨ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।
ਇਸ ਦੌਰਾਨ ਜਦੋਂ ਉਹ ਮੌਕੇ ਉਤੇ ਪਹੁੰਚਿਆ ਤਾਂ ਉਸ ਦੇ ਗੰਭੀਰ ਹਾਲ ਨੂੰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ, ਜਿੱਥੇ ਉਸ ਦੀ ਹਾਲਤ ਹੋਰ ਗੰਭੀਰ ਬਣ ਗਈ। ਜਿਸ ਤੋਂ ਬਾਅਦ ਡਾਕਟਰਾਂ ਵਲੋਂ ਉਸ ਨੂੰ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਪਰ ਰਾਹ ਵਿੱਚ ਹੀ ਉਸ ਦੀ ਮੌ-ਤ ਹੋ ਗਈ। ਉਕਤ ਲਿਖਿਆ ਸਭ ਕੁਝ ਮ੍ਰਿਤਕ ਸੁਖਵਿੰਦਰ ਕੌਰ ਦੇ ਪਿਤਾ ਰਜਿੰਦਰ ਸਿੰਘ ਨੇ ਮੀਡੀਆ ਵਿਚ ਦੱਸਿਆ ਹੈ।