ਜਿਲ੍ਹਾ ਗੁਰਦਾਸਪੁਰ (ਪੰਜਾਬ) ਦੇ ਕਲਾਨੌਰ ਵਿਚ ਸ਼ਨੀਵਾਰ ਨੂੰ ਇਕ ਵੱਡਾ ਸੜਕ ਹਾ-ਦ-ਸਾ ਵਾਪਰਿਆ। ਕਲਾਨੌਰ ਤੋਂ ਬਟਾਲਾ ਰੋਡ ਉਤੇ ਆਉਂਦੇ ਸਮੇਂ ਅੱਡਾ ਕੋਟ ਮੀਆਂ ਸਾਹਿਬ ਦੇ ਨੇੜੇ ਇਕ ਕਾਰ ਸੜਕ ਕਿਨਾਰੇ ਖੜ੍ਹੇ ਦਰੱਖਤ ਨਾਲ ਜਾ ਕੇ ਟਕਰਾ ਗਈ। ਇਹ ਟੱਕਰ ਇੰਨੀ ਤੇਜ਼ ਸੀ ਕਿ ਕਾਰ ਡਰਾਈਵਰ ਅਤੇ ਉਸ ਦੇ ਸਾਥੀ ਦੀ ਦੁੱਖ ਦਾਈ ਮੌ-ਤ ਹੋ ਗਈ। ਇਨ੍ਹਾਂ ਮ੍ਰਿਤਕਾਂ ਦੀ ਪਹਿਚਾਣ ਪਰਮਿੰਦਰ ਸਿੰਘ ਅਤੇ ਸਾਹਿਲ ਪ੍ਰੀਤ ਦੇ ਨਾਮ ਵਜੋਂ ਹੋਈ ਹੈ। ਇਹ ਪਿੰਡ ਮਰੜੀ ਦੇ ਰਹਿਣ ਵਾਲੇ ਸੀ। ਦੱਸਿਆ ਜਾ ਰਿਹਾ ਹੈ ਕਿ ਪਰਮਿੰਦਰ ਸਿੰਘ ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਸੀ। ਸ਼ਨੀਵਾਰ ਨੂੰ ਪਰਮਿੰਦਰ ਵਿਦੇਸ਼ ਜਾਣ ਲਈ ਆਪਣੇ ਦਸਤਾਵੇਜ਼ ਲੈਣ ਲਈ ਘਰ ਆਇਆ ਸੀ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਪਰਮਿੰਦਰ ਸਿੰਘ ਦੀ ਮਾਤਾ ਪਵਨਪ੍ਰੀਤ ਕੌਰ ਨੇ ਦੱਸਿਆ ਕਿ ਉਸ ਦਾ ਲੜਕਾ ਪਰਮਿੰਦਰ ਸਿੰਘ ਉਮਰ 20 ਸਾਲ ਆਪਣੇ ਪਿੰਡ ਦੇ ਦੋਸਤ ਸਾਹਿਲ ਪ੍ਰੀਤ ਉਮਰ 28 ਸਾਲ ਨਾਲ ਵਿਦੇਸ਼ ਜਾਣ ਲਈ ਆਪਣੇ ਦਸਤਾਵੇਜ਼ ਦੇਣ ਲਈ ਘਰ ਆਇਆ ਸੀ। ਇਸੇ ਦੌਰਾਨ ਸ਼ਨੀਵਾਰ ਨੂੰ ਇਹ ਘਟਨਾ ਵਾਪਰ ਗਈ। ਮਾਂ ਪਵਨਪ੍ਰੀਤ ਕੌਰ ਨੇ ਦੱਸਿਆ ਕਿ ਉਸ ਦਾ ਬੇਟਾ ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਸੀ ਪਰ ਉਸ ਨੂੰ ਕੀ ਪਤਾ ਸੀ ਕਿ ਉਸ ਦਾ ਬੇਟਾ ਹਮੇਸ਼ਾ ਲਈ ਛੱਡ ਕੇ ਚਲਿਆ ਜਾਵੇਗਾ। ਮ੍ਰਿਤਕ ਨੌਜਵਾਨ ਸਾਹਿਲ ਪ੍ਰੀਤ ਸਿੰਘ ਦੇ ਮਾਮਾ ਦਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅੱਡਾ ਖਾਨੋਵਾਲ ਵਿੱਚ ਮੋਬਾਈਲ ਦੀ ਦੁਕਾਨ ਹੈ। ਜਦੋਂ ਹਾਦਸੇ ਬਾਰੇ ਉਨ੍ਹਾਂ ਨੂੰ ਪਤਾ ਲੱਗਿਆ ਤਾਂ ਉਹ ਮੌਕੇ ਵਾਲੀ ਥਾਂ ਤੇ ਪਹੁੰਚੇ ਤਾਂ ਦੇਖਿਆ ਕਿ ਉਸ ਦੇ ਭਾਣਜੇ ਦੀ ਮੌ-ਤ ਹੋ ਚੁੱਕੀ ਸੀ।
ਇਸ ਘਟਨਾ ਬਾਰੇ ਸੂਚਨਾ ਮਿਲੀ ਤੋਂ ਮੌਕੇ ਉਤੇ ਪਹੁੰਚੇ ਥਾਣਾ ਇੰਚਾਰਜ ਕਲਾਨੌਰ ਮਨਜੀਤ ਸਿੰਘ ਨੇ ਦੱਸਿਆ ਕਿ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੇ ਦਰੱਖਤ ਨਾਲ ਜਾ ਟਕਰਾਈ। ਜਿਸ ਕਾਰਨ ਦੋਵਾਂ ਨੌਜਵਾਨਾਂ ਦੀ ਮੌ-ਤ ਹੋ ਗਈ। ਦੇਹਾਂ ਨੂੰ ਕਬਜ਼ੇ ਵਿਚ ਲੈ ਕੇ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ। ਕਲਾਨੌਰ ਤੋਂ ਬਟਾਲਾ ਮਾਰਗ ਉੱਤੇ ਆਉਂਦੇ ਕੋਟ ਮੀਆਂ ਸਾਹਿਬ ਦੇ ਨੇੜੇ ਦੋ ਨੌਜਵਾਨ ਦੀ ਕਾਰ ਹਾਦਸੇ ਦਾ ਕਾਰਨ ਸੜਕ ਕੰਢੇ ਲੱਗੇ ਦਰੱਖਤਾਂ ਨੂੰ ਮੰਨਿਆ ਜਾ ਰਿਹਾ ਹੈ। ਇਸ ਸਬੰਧੀ ਰਾਹਗੀਰਾਂ ਬਲਦੇਵ ਸਿੰਘ, ਸਰਬਜੀਤ ਸਿੰਘ, ਸੰਦੀਪ ਸਿੰਘ, ਬਲਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਕਲਾਨੌਰ ਤੋਂ ਕੋਟ ਮੀਆਂ ਸਾਹਿਬ ਨੂੰ ਜਾਂਦੀ ਸੜਕ ਦੇ ਦੋਵੇਂ ਪਾਸੇ ਲੱਗੇ ਦਰੱਖਤ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਇਸ ਸੜਕ ਦੇ ਦੋਵੇਂ ਪਾਸੇ ਗਰਿਲ ਨਾ ਹੋਣ ਦੇ ਕਾਰਨ ਸਫੈਦੇ ਦੇ ਦਰੱਖਤ ਸੜਕ ਦੇ ਬਿਲਕੁਲ ਕਿਨਾਰਿਆਂ ਉਤੇ ਆ ਗਏ ਹਨ। ਜਦੋਂ ਬਾਹਰੀ ਵਾਹਨ ਡਰਾਈਵਰ ਇਸ ਸੜਕ ਉਤੋਂ ਲੰਘਦੇ ਹਨ।
ਇਸ ਰਸਤੇ ਵਿੱਚ ਸੜਕ ਦੇ ਕਿਨਾਰੇ ਨਾ ਹੋਣ ਕਾਰਨ ਵਾਹਨ ਸੜਕ ਦੇ ਕਿਨਾਰੇ ਲੱਗੇ ਦਰੱਖਤਾਂ ਨਾਲ ਟਕਰਾ ਜਾਂਦੇ ਹਨ। ਹਾਲਾਂਕਿ ਇਸ ਤੋਂ ਪਹਿਲਾਂ ਵੀ ਕਈ ਸੜਕ ਹਾਦਸੇ ਹੋ ਚੁੱਕੇ ਹਨ ਅਤੇ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦਰੱਖਤਾਂ ਦੀ ਕਟਾਈ ਦੀ ਮੰਗ ਵੀ ਕਈ ਵਾਰ ਉਠਾਈ ਗਈ ਹੈ ਪਰ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਜਿਸ ਕਾਰਨ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈਂਦੇ ਹਨ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਜੰਗਲਾਤ ਵਿਭਾਗ ਦੇ ਕੋਲੋਂ ਮੰਗ ਕੀਤੀ ਕਿ ਸੜਕ ਨੇੜੇ ਲੱਗੇ ਦਰੱਖਤਾਂ ਦੀ ਕਟਾਈ ਕੀਤੀ ਜਾਵੇ।