ਬਰਾਤ ਤੁਰਨ ਤੋਂ ਪਹਿਲਾਂ, ਮੌਕੇ ਤੇ ਖਿਸਕ ਗਿਆ ਲਾੜਾ, ਇਸ ਤਰ੍ਹਾਂ ਮਿਲਿਆ, ਜਾਣੋ ਪੂਰਾ ਮਾਮਲਾ

Punjab

ਉਤਰ ਪ੍ਰਦੇਸ਼ (UP) ਦੇ ਬਰੇਲੀ ਪੀਲੀਭੀਤ ਵਿਚ ਵਿਆਹ ਤੋਂ ਨਾ ਖੁਸ਼ ਇਕ ਲਾੜੇ ਦਾ ਵਿਆਹ ਤੋਂ ਠੀਕ ਪਹਿਲਾਂ ਹੈਰਾਨੀ ਨਾਲ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਪੂਰੇ ਮਾਮਲੇ ਵਿਚ ਪਰਿਵਾਰਕ ਮੈਂਬਰਾਂ ਨੇ ਲਾੜੇ ਦੀ ਗੈਰ ਮੌਜੂਦਗੀ ਵਿਚ ਛੋਟੇ ਭਰਾ ਦਾ ਵਿਆਹ ਹੋਣ ਵਾਲੀ ਭਰਜਾਈ ਦੇ ਨਾਲ ਕਰਵਾ ਦਿੱਤਾ। ਵਿਆਹ ਦੀ ਰਸਮ ਪੂਰੀਏ ਹੋਣ ਤੋਂ ਬਾਅਦ ਵੀ ਲਾੜਾ ਆਪਣੇ ਘਰ ਨਹੀਂ ਆਇਆ, ਜਿਸ ਕਾਰਨ ਪਰਿਵਾਰ ਵਾਲੇ ਚਿੰਤਾ ਵਿਚ ਹਨ। ਇਹ ਮਾਮਲਾ ਜ਼ਿਲ੍ਹੇ ਦੇ ਬਿਲਸੰਡਾ ਥਾਣਾ ਖੇਤਰ ਦੇ ਅੰਦਰ ਪੈਂਦੇ ਪਿੰਡ ਮੁਹੰਮਦਪੁਰ ਦਾ ਦੱਸਿਆ ਜਾ ਰਿਹਾ ਹੈ। ਇੱਥੋਂ ਦੇ ਰਹਿਣ ਵਾਲੇ ਰਾਮ ਅਵਧ ਤਿਵਾਰੀ ਨੇ ਆਪਣੇ ਵੱਡੇ ਬੇਟੇ ਸ਼ਸ਼ਾਂਕ ਦਾ ਵਿਆਹ ਬਰੇਲੀ ਦੇ ਫਤਿਹਗੰਜ ਪੰਛਮੀ ਵਿਚ ਤੈਅ ਕੀਤਾ ਸੀ।

ਬੁੱਧਵਾਰ ਨੂੰ ਸ਼ਸ਼ਾਂਕ ਦੀ ਬਰਾਤ ਰਵਾਨਾ ਹੋਣੀ ਸੀ, ਕਾਰ, ਬੱਸ ਅਤੇ ਰਿਸ਼ਤੇਦਾਰ ਸਾਰੇ ਤਿਆਰ ਹੋ ਚੁੱਕੇ ਸਨ। ਬਰਾਤ ਤੁਰਨ ਤੋਂ ਠੀਕ ਪਹਿਲਾਂ ਲਾੜਾ ਸ਼ਸ਼ਾਂਕ ਰਹੱਸ ਮਈ ਢੰਗ ਨਾਲ ਗਾਇਬ ਹੋ ਗਿਆ। ਪਹਿਲਾਂ ਤਾਂ ਕਾਫੀ ਦੇਰ ਤੱਕ ਲਾੜੇ ਦੀ ਭਾਲ ਚੱਲਦੀ ਰਹੀ, ਜਦੋਂ ਕਾਫੀ ਦੇਰ ਤੱਕ ਕੋਈ ਸੁਰਾਗ ਨਹੀਂ ਮਿਲਿਆ ਤਾਂ ਫਿਰ ਪੂਰੇ ਮਾਮਲੇ ਦੀ ਜਾਣਕਾਰੀ ਲਾੜੀ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਦੋਵਾਂ ਪਰਿਵਾਰਾਂ ਦੀ ਆਪਸੀ ਸਹਿਮਤੀ ਦੇ ਨਾਲ ਲਾੜੇ ਦੇ ਛੋਟੇ ਭਰਾ ਨੂੰ ਲਾੜਾ ਬਣਾ ਕੇ ਬਰਾਤ ਲੈ ਕੇ ਜਾਣਾ ਪਿਆ ਅਤੇ ਵਿਆਹ ਦੀ ਰਸਮ ਅਦਾ ਕੀਤੀ ਗਈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਬਰਾਤ ਤੁਰਨ ਤੋਂ ਠੀਕ ਪਹਿਲਾਂ ਸ਼ਸ਼ਾਂਕ ਫੇਸੀਅਲ ਅਤੇ ਵਾਲ ਕਲਰ ਕਰਾਉਣ ਦਾ ਕਹਿ ਕੇ ਘਰੋਂ ਚਲਾ ਗਿਆ ਸੀ ਅਤੇ ਵਾਪਸ ਨਹੀਂ ਆਇਆ।

ਫਿਲਹਾਲ ਵਿਆਹ ਦੀਆਂ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਵੀਰਵਾਰ ਨੂੰ ਵਿਆਹ ਕੇ ਬਰਾਤ ਘਰ ਵਾਪਸ ਆ ਗਈ, ਇਸ ਤੋਂ ਬਾਅਦ ਵੀ ਸ਼ਸ਼ਾਂਕ ਘਰ ਨਹੀਂ ਪਹੁੰਚਿਆ ਹੈ। ਇਸ ਪੂਰੇ ਮਾਮਲੇ ਵਿਚ ਬਿਲਸੰਡਾ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੀ ਤਹਿਰੀਕ ਦੇ ਆਧਾਰ ਉਤੇ ਲਾੜੇ ਦੇ ਲਾਪਤਾ ਹੋਣ ਦੀ ਐੱਫ. ਆਈ. ਆਰ. ਦਰਜ ਕੀਤੀ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਬਿਲਸੰਡਾ ਦੇ ਇੰਨਚਾਰਜ ਅਚਲ ਕੁਮਾਰ ਨੇ ਦੱਸਿਆ ਕਿ ਵਿਆਹ ਤੋਂ ਨਾਖੁਸ਼ ਲਾੜਾ ਵਿਆਹ ਤੋਂ ਕੁਝ ਸਮਾਂ ਪਹਿਲਾਂ ਹੀ ਘਰੋਂ ਚਲਾ ਗਿਆ ਸੀ, ਜਿਸ ਸਬੰਧੀ ਗੁਮਸ਼ੁਦਾ ਦਾ ਪਰਚਾ ਦਰਜ ਕਰਕੇ ਲਾੜੇ ਦੀ ਭਾਲ ਕੀਤੀ ਜਾ ਰਹੀ ਹੈ।

ਓਧਰ ਪੁਲਿਸ ਸ਼ਸ਼ਾਂਕ ਦੀ ਭਾਲ ਕਰਦੀ ਰਹੀ। ਉਸ ਦੇ ਦੋਸਤਾਂ ਤੋਂ ਪੁੱਛ ਗਿੱਛ ਕੀਤੀ ਗਈ। ਸ਼ਸ਼ਾਂਕ ਦਾ ਮੋਬਾਈਲ ਫੋਨ ਉਤੇ ਨਿਗਰਾਨੀ ਰੱਖੀ ਗਈ ਸੀ। ਦੋਸਤਾਂ ਦੀ ਪੁੱਛ ਪੜਤਾਲ ਵਿਚ ਉਸ ਦਾ ਇਕ ਲੜਕੀ ਨਾਲ ਪ੍ਰੇਮ ਸਬੰਧਾਂ ਦਾ ਮਾਮਲਾ ਸਾਹਮਣੇ ਆਇਆ। ਬੁੱਧਵਾਰ ਨੂੰ ਪੁਲਸ ਨੇ ਸ਼ਸ਼ਾਂਕ ਨੂੰ ਬਿਸਾਲਪੁਰ ਤੋਂ ਬਰਾਮਦ ਕਰ ਲਿਆ। ਫਿਰ ਉਸ ਨੂੰ ਥਾਣੇ ਲਿਆਂਦਾ ਗਿਆ ਜਿੱਥੇ ਉਸ ਨੇ ਪੁੱਛ ਗਿੱਛ ਦੌਰਾਨ ਦੱਸਿਆ ਕਿ ਉਹ ਖਟੀਮਾ ਵਿਖੇ ਆਪਣੇ ਦੋਸਤ ਦੇ ਘਰ ਚਲਿਆ ਗਿਆ ਸੀ। ਸ਼ਸ਼ਾਂਕ ਨੇ ਦੱਸਿਆ ਕਿ ਉਸ ਨੇ ਦੋ ਦਿਨ ਪਹਿਲਾਂ ਬਰੇਲੀ ਦੇ ਕਯੋਲਾਦਿਆ ਪਿੰਡ ਦੀ ਇਕ ਲੜਕੀ ਨਾਲ ਕੋਰਟ ਮੈਰਿਜ ਕਰਵਾ ਲਈ ਸੀ। ਇਸ ਸਬੰਧੀ ਐਸ.ਓ ਅਚਲ ਕੁਮਾਰ ਨੇ ਦੱਸਿਆ ਕਿ ਨੌਜਵਾਨ ਨੂੰ ਬਰਾਮਦ ਕਰ ਲਿਆ ਗਿਆ ਹੈ। ਪਰਿਵਾਰਕ ਮੈਂਬਰਾਂ ਨੂੰ ਬੁਲਾਇਆ ਗਿਆ ਹੈ।

Leave a Reply

Your email address will not be published. Required fields are marked *