ਮੁਰਗੇ ਦੇ ਬਾਂਗ ਦੇਣ ਤੋਂ ਪਹਿਲਾਂ ਹੀ ਖੁੱਲ੍ਹ ਜਾਵੇਗੀ ਤੁਹਾਡੀ ਅੱਖ, ਜਾਣੋ ਸਵੇਰੇ ਕਿਵੇਂ ਉੱਠਣ ਆਲਸੀ ਲੋਕ

Punjab

ਪੁਰਾਣੇ ਸਮੇਂ ਤੋਂ ਹੀ ਸਵੇਰੇ ਜਲਦੀ ਉੱਠਣ ਭਾਵ ਅੰਮ੍ਰਿਤ ਵੇਲੇ ਜਾਗਣ ਉੱਤੇ ਜ਼ੋਰ ਦਿੱਤਾ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਸਵੇਰੇ ਜਲਦੀ ਉੱਠਣਾ ਸਿਹਤ ਲਈ ਬਹੁਤ ਚੰਗਾ ਹੁੰਦਾ ਹੈ। ਸਵੇਰੇ ਜਲਦੀ ਉੱਠਣ ਨਾਲ ਬਹੁਤ ਸਾਰੇ ਕੰਮ ਆਰਾਮ ਨਾਲ ਨਬੇੜੇ ਜਾ ਸਕਦੇ ਹਨ। ਪੜ੍ਹਾਈ ਕਰਨੀ ਹੋਵੇ ਜਾਂ ਯੋਗਾ ਕਰਨਾ, ਸਵੇਰੇ ਜਲਦੀ ਉੱਠਣਾ ਹਰ ਮਾਮਲੇ ਵਿਚ ਲਾਭਦਾਇਕ ਹੁੰਦਾ ਹੈ। ਪਰ ਹੁਣ ਬਹੁਤੇ ਲੋਕਾਂ ਵਿਚ ਦੇਰ ਨਾਲ ਉੱਠਣ ਦੀ ਆਦਤ ਬਣ ਗਈ ਹੈ।

ਹਾਲਾਂਕਿ ਜ਼ਿੰਦਗੀ ਦੇ ਕਿਸੇ ਨਾ ਕਿਸੇ ਮੋੜ ਉਤੇ ਇਹ ਹਰ ਕਿਸੇ ਨਾਲ ਜ਼ਰੂਰ ਹੋਇਆ ਹੋਵੇਗਾ ਜਦੋਂ ਤੁਸੀਂ ਸਵੇਰੇ ਜਲਦੀ ਉੱਠਣ ਦਾ ਪਲਾਨ ਤਾਂ ਬਣਾਉਂਦੇ ਹੋ, ਪਰ ਉੱਠਿਆ ਨਹੀਂ ਜਾਂਦਾ। ਫਿਰ ਭਾਵੇਂ ਕਿੰਨੇ ਵੀ ਅਲਾਰਮ ਕਿਉਂ ਨਾ ਵੱਜ ਜਾਣ। ਇੱਥੋਂ ਤੱਕ ਕਿ ਅਲਾਰਮ ਵੀ ਤੁਹਾਨੂੰ ਜਲਦੀ ਜਗਾਉਣ ਵਿੱਚ ਫੇਲ੍ਹ ਹੋ ਜਾਂਦੇ ਹਨ। ਇਸ ਦਾ ਕਾਰਨ ਸਿਰਫ਼ ਤੇ ਸਿਰਫ਼ ਤੁਹਾਡਾ ਆਲਸ ਹੈ। ਹੁਣ ਅਜਿਹੀ ਸਥਿਤੀ ਵਿੱਚ ਕੁਝ ਖਾਸ ਤਰੀਕੇ ਤੁਹਾਡੀ ਮਦਦ ਕਰ ਸਕਦੇ ਹਨ। ਉਹ ਤਰੀਕੇ ਕਿਹੜੇ ਹਨ, ਜੋ ਤੁਹਾਨੂੰ ਸਵੇਰੇ ਜਲਦੀ ਉੱਠਣ ਵਿੱਚ ਮਦਦਗਾਰ ਹੋ ਸਕਦੇ ਹਨ, ਆਓ ਜਾਣੀਏ।

ਜੇਕਰ ਤੁਸੀਂ ਸਵੇਰੇ ਅਲਾਰਮ ਦੀ ਆਵਾਜ਼ ਨਾਲ ਵੀ ਨਹੀਂ ਉੱਠਦੇ ਹੋ ਤਾਂ ਇਹ ਤਿੰਨ ਖਾਸ ਤਰੀਕੇ ਤੁਹਾਡੇ ਬਹੁਤ ਕੰਮ ਆਉਣ ਵਾਲੇ ਹਨ।

1.  ਜਲਦੀ ਸੌਂਣ ਦੀ ਕੋਸ਼ਿਸ਼

ਜੇਕਰ ਤੁਸੀਂ ਸਵੇਰੇ ਜਲਦੀ ਉੱਠਣਾ ਚਾਹੁੰਦੇ ਹੋ, ਪਰ ਉੱਠ ਨਹੀਂ ਸਕਦੇ। ਅਜਿਹੇ ਵਿਚ ਤੁਸੀਂ ਰਾਤ ਨੂੰ ਜਲਦੀ ਸੌਣ ਦੀ ਕੋਸ਼ਿਸ਼ ਕਰੋ। ਹਰ ਰੋਜ ਰਾਤ 9 ਤੋਂ 10 ਵਜੇ ਦੇ ਵਿਚਕਾਰ ਆਪਣੇ ਬਿਸਤਰੇ ਉਤੇ ਪਹੁੰਚ ਜਾਓ। ਇਸ ਤੋਂ ਇਲਾਵਾ ਜੇਕਰ ਤੁਸੀਂ ਚਾਹੁੰਦੇ ਹੋ ਕਿ ਬੈੱਡ ਉਤੇ ਪੈਂਦੇ ਹੀ ਤੁਹਾਨੂੰ ਨੀਂਦ ਆ ਜਾਵੇ ਤਾਂ ਮੋਬਾਈਲ, ਟੀਵੀ ਜਾਂ ਲੈਪਟਾਪ ਨੂੰ ਆਪਣੇ ਆਪ ਤੋਂ ਦੂਰ ਰੱਖੋ। ਇਸ ਨਾਲੋਂ ਵਿਕਲਪਕ ਦੇ ਤੌਰ ਉਤੇ, ਤੁਸੀਂ ਆਪਣੀਆਂ ਮਨਪਸੰਦ ਕਿਤਾਬਾਂ ਵਿੱਚੋਂ ਕੋਈ ਵੀ ਪੜ੍ਹ ਸਕਦੇ ਹੋ। ਇਸ ਤੋਂ ਇਲਾਵਾ ਨਰਮ ਮਿੰਠਾ ਸੰਗੀਤ ਸੁਣ ਕੇ ਵੀ ਜਲਦੀ ਅਤੇ ਚੰਗੀ ਨੀਂਦ ਲਈ ਜਾ ਸਕਦੀ ਹੈ। ਇਸ ਤਰ੍ਹਾਂ ਕਰਨ ਨਾਲ ਸਵੇਰੇ ਨੀਂਦ ਵੀ ਜਲਦੀ ਖੁੱਲ੍ਹੇਗੀ ਅਤੇ ਤੁਸੀਂ ਦਿਨ ਭਰ ਤਰੋਤਾਜ਼ਾ ਮਹਿਸੂਸ ਕਰੋਗੇ।

2.  ਸਵੇਰ ਦੀ ਮਜਬੂਤ ਰੁਟੀਨ ਬਣਾਓ

ਜੇਕਰ ਤੁਸੀਂ ਸਵੇਰੇ ਜਲਦੀ ਉੱਠਣ ਦੀ ਚਾਹਤ ਚਾਹੁੰਦੇ ਹੋ ਤਾਂ ਇਸ ਦੇ ਲਈ ਤੁਹਾਨੂੰ ਚੰਗੀ ਸਵੇਰ ਦੀ ਰੁਟੀਨ ਬਣਾਉਣ ਦੀ ਜ਼ਰੂਰਤ ਹੈ। ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਸਵੇਰੇ ਸਫ਼ਰ ਕਰਨ ਲਈ ਬੱਸ, ਰੇਲ ਜਾਂ ਫਲਾਈਟ ਫੜਨੀ ਪੈਂਦੀ ਹੈ। ਜਿਸ ਕਾਰਨ ਨੀਂਦ ਆਪਣੇ ਆਪ ਖੁੱਲ੍ਹ ਜਾਂਦੀ ਹੈ। ਇਸੇ ਤਰ੍ਹਾਂ, ਤੁਹਾਨੂੰ ਵੀ ਇੱਕ ਮਜ਼ਬੂਤ ​​ਸਵੇਰ ਦੀ ਰੁਟੀਨ ਬਣਾਉਣੀ ਚਾਹੀਦੀ ਹੈ। ਇਸ ਰੁਟੀਨ ਵਿਚ ਤੁਸੀਂ ਜਿੰਮ ਜਾਣਾ, ਯੋਗਾ ਕਰਨਾ, ਸੈਰ ਲਈ ਜਾਣਾ ਅਤੇ ਪ੍ਰਮਾਤਮਾ ਦਾ ਨਾਮ ਲੈਣਾ ਆਪਣੀ ਸਵੇਰ ਦੀ ਰੁਟੀਨ ਦਾ ਹਿੱਸਾ ਬਣਾ ਸਕਦੇ ਹੋ। ਇਹ ਸਭ ਸਵੇਰ ਦੇ ਅਜਿਹੇ ਰੁਟੀਨ ਹਨ, ਜਿਨ੍ਹਾਂ ਦੇ ਕਾਰਨ ਸਵੇਰੇ ਜਲਦੀ ਨੀਂਦ ਖੁੱਲ੍ਹ ਜਾਂਦੀ ਹੈ।

3.  ਰਾਤ ਨੂੰ ਹਲਕਾ ਖਾਣਾ ਖਾਓ

ਸਵੇਰੇ ਜਲਦੀ ਉੱਠਣ ਲਈ ਰਾਤ ਨੂੰ ਹਲਕਾ ਖਾਣਾ ਚਾਹੀਦਾ ਹੈ। ਤੁਸੀਂ ਸਲਾਦ, ਸੂਪ ਜਾਂ ਕੋਈ ਹਲਕਾ ਫੁਲਕਾ ਜਿਹਾ ਖਾ ਸਕਦੇ ਹੋ। ਇਸ ਤੋਂ ਇਲਾਵਾ ਓਟਸ ਖਾਣਾ ਵੀ ਫਾਇਦੇਮੰਦ ਹੋ ਸਕਦਾ ਹੈ। ਰਾਤ ਨੂੰ ਹਲਕਾ ਖਾਣਾ ਕਈ ਤਰ੍ਹਾਂ ਨਾਲ ਸਿਹਤ ਲਈ ਲਾਭਦਾਇਕ ਹੁੰਦਾ ਹੈ। ਮਾਹਿਰਾਂ ਅਨੁਸਾਰ ਰਾਤ ਦਾ ਖਾਣਾ ਸੌਣ ਤੋਂ ਦੋ ਤੋਂ ਤਿੰਨ ਘੰਟੇ ਪਹਿਲਾਂ ਖਾ ਲੈਣਾ ਚਾਹੀਦਾ ਹੈ ਤਾਂ ਕਿ ਇਸ ਨੂੰ ਪਚਣ ਦਾ ਸਮਾਂ ਮਿਲ ਸਕੇ ਅਤੇ ਪਾਚਨ ਪ੍ਰਣਾਲੀ ਵੀ ਠੀਕ ਰਹੇ।

ਇਸ ਲਈ ਇਹ ਤਰੀਕੇ ਅਜਿਹੇ ਹਨ ਕਿ ਜੇਕਰ ਤੁਸੀਂ ਇਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਅਪਣਾ ਲਓ ਤਾਂ ਸਵੇਰੇ ਉੱਠਣ ਲਈ ਕਿਸੇ ਅਲਾਰਮ ਦੀ ਲੋੜ ਨਹੀਂ ਪਵੇਗੀ। ਚੰਗੀ ਸਿਹਤ ਅਤੇ ਚੰਗੇ ਮੂਡ ਲਈ ਸਵੇਰੇ ਜਲਦੀ ਉੱਠਣਾ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ।

Leave a Reply

Your email address will not be published. Required fields are marked *