ਕੰਮ ਤੋਂ ਘਰ ਆਉਂਦੇ ਇਕ ਪਿੰਡ ਦੇ ਦੋ ਦੋਸਤਾਂ ਨਾਲ ਵਾਪਰਿਆ ਭਾਣਾ, ਪਿੰਡ ਵਿਚ ਸੋਗ

Punjab

ਪੰਜਾਬ ਵਿਚ ਜਿਲ੍ਹਾ ਸੰਗਰੂਰ ਦੇ ਧੂਰੀ ਵਿਚ ਬੀਤੀ ਸ਼ਾਮ ਸਥਾਨਕ ਰੇਲਵੇ ਓਵਰਬ੍ਰਿਜ ਉਤੇ ਵਾਪਰੇ ਸੜਕ ਹਾਦਸੇ ਵਿਚ ਦੁਖਦ ਖਬਰ ਸਾਹਮਣੇ ਆਈ ਹੈ। ਜਿਸ ਵਿਚ ਇੱਕ ਹੀ ਪਿੰਡ ਦੇ ਦੋ ਨੌਜਵਾਨਾਂ ਦੀ ਮੌ-ਤ ਹੋ ਗਈ, ਜਦੋਂ ਕਿ ਇਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ। ਮੌਕੇ ਵਾਲੀ ਥਾਂ ਉਤੇ ਮੌਜੂਦ ਮ੍ਰਿਤਕ ਦੇ ਭਰਾ ਗੋਬਿੰਦ ਸਿੰਘ ਵੱਲੋਂ ਪੁਲੀਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਗਿਆ ਕਿ ਸ਼ਾਮ ਨੂੰ ਕਰੀਬ ਸੱਤ ਵਜੇ ਉਸ ਦੇ ਭਰਾ ਬੇਅੰਤ ਸਿੰਘ ਪੁੱਤਰ ਕੇਵਲ ਸਿੰਘ ਅਤੇ ਉਨ੍ਹਾਂ ਦਾ ਗੁਆਂਢੀ ਕੁਲਦੀਪ ਸਿੰਘ ਪੁੱਤਰ ਹਰਬੰਸ ਸਿੰਘ ਪਿੰਡ ਬਾਦਸ਼ਾਹਪੁਰ ਦੇ ਰਹਿਣ ਵਾਲੇ ਆਪਣੇ ਕੰਮ ਤੋਂ ਮੋਟਰਸਾਈਕਲ ਉਤੇ ਸਵਾਰ ਹੋ ਕੇ ਘਰ ਨੂੰ ਆ ਰਹੇ ਸਨ।

ਇਸ ਦੌਰਾਨ ਜਦੋਂ ਉਹ ਸਥਾਨਕ ਮਲੇਰਕੋਟਲਾ ਬਾਈਪਾਸ ਵੱਲ ਰੇਲਵੇ ਓਵਰਬ੍ਰਿਜ ਉਤੇ ਚੜ੍ਹੇ ਤਾਂ ਪਿੱਛੇ ਤੋਂ ਆ ਰਹੇ ਤੇਜ਼ ਸਪੀਡ ਕਾਰ ਡਰਾਈਵਰ ਨੇ ਲਾਪਰਵਾਹੀ ਨਾਲ ਉਸ ਦੇ ਭਰਾ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ ਤੋਂ ਬਾਅਦ ਉਸ ਦੇ ਭਰਾ ਦਾ ਮੋਟਰਸਾਈਕਲ ਸਾਹਮਣੇ ਤੋਂ ਆ ਰਹੀ ਟ੍ਰੈਕਟਰ ਟ੍ਰਾਲੀ ਨਾਲ ਜਾ ਕੇ ਟਕਰਾ ਗਿਆ। ਇਸ ਦੌਰਾਨ ਇੱਕ ਹੋਰ ਮੋਟਰਸਾਈਕਲ ਸਵਾਰ ਮੋਤੀ ਰਾਮ ਪੁੱਤਰ ਮਨਨ ਰਾਮ ਵਾਸੀ ਭਵਾਨੀਗੜ੍ਹ ਵੀ ਇਸ ਲਪੇਟ ਵਿਚ ਆ ਗਿਆ।

ਇਸ ਘਟਨਾ ਵਿੱਚ ਜ਼ਖਮੀ ਹੋਏ ਤਿੰਨੋਂ ਨੌਜਵਾਨਾਂ ਨੂੰ ਐਂਬੂਲੈਂਸ ਰਾਹੀਂ ਇਲਾਜ ਦੇ ਲਈ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰ ਨੇ ਮੁੱਢਲੀ ਜਾਂਚ ਤੋਂ ਬਾਅਦ ਬੇਅੰਤ ਸਿੰਘ ਅਤੇ ਕੁਲਦੀਪ ਸਿੰਘ ਉਮਰ 29 ਸਾਲ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਜਦੋਂ ਕਿ ਹਾਦਸੇ ਵਿਚ ਜ਼ਖਮੀ ਮੋਤੀ ਰਾਮ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਜਿੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਇਸ ਘਟਨਾ ਦੀ ਪੁਸ਼ਟੀ ਕਰਦਿਆਂ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਪਿੰਜੌਰ ਸਿੰਘ ਨੇ ਦੱਸਿਆ ਕਿ ਹਾਦਸੇ ਲਈ ਜ਼ਿੰਮੇਵਾਰ ਅਣਪਛਾਤਾ ਕਾਰ ਡਰਾਈਵਰ ਭੀੜ ਅਤੇ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਮੌਕੇ ਤੋਂ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਅਣਪਛਾਤੇ ਕਾਰ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *