ਆਪਣੇ ਮਤਰੇਏ NRI ਪਿਤਾ ਨੂੰ ਲੁੱਟਣ ਦੇ ਦੋਸ਼ੀ ਪੁੱਤਰ ਨੂੰ ਸਾਥੀਆਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ। ਜਦੋਂ ਪਿਤਾ ਕੈਨੇਡਾ ਤੋਂ ਭਾਰਤ ਆਇਆ ਤਾਂ ਆਰੋਪੀਆਂ ਨੇ ਉਸ ਕੋਲੋਂ ਪੈਸੇ ਮੰਗੇ, ਜਦੋਂ ਪੈਸੇ ਨਾ ਮਿਲੇ ਤਾਂ ਉਨ੍ਹਾਂ ਨੇ ਲੁੱਟ ਦੀ ਯੋਜਨਾ ਬਣਾਈ। ਥਾਣਾ ਮਕਸੂਦਾਂ ਦੀ ਪੁਲਿਸ ਵਲੋਂ ਆਪਣੇ ਮਤਰੇਏ ਐਨ. ਆਰ. ਆਈ. ਪਿਤਾ ਨੂੰ ਲੁੱਟਣ ਵਾਲੇ ਦੋਸ਼ੀ ਪੁੱਤ ਨੂੰ ਉਸ ਦੇ ਦੋ ਸਾਥੀਆਂ ਸਾਥੀਆਂ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ੀਆਂ ਦੀ ਗੱਡੀ ਨੂੰ ਵੀ ਪੁਲਿਸ ਨੇ ਜ਼ਬਤ ਕਰ ਲਿਆ ਹੈ। ਇਨ੍ਹਾਂ ਆਰੋਪੀਆਂ ਦੀ ਪਹਿਚਾਣ ਰਣਦੀਪ ਸਿੰਘ ਉਰਫ਼ ਦੀਪੂ ਵਾਸੀ ਕਾਜ਼ੀ ਬਾਗ, ਕਪੂਰਥਲਾ, ਅਮਨਦੀਪ ਸਿੰਘ ਉਰਫ਼ ਅਮਨਾ ਅਤੇ ਬੇਅੰਤ ਸਿੰਘ ਵਾਸੀ ਫ਼ਿਰੋਜ਼ਪੁਰ ਦੇ ਨਾਮ ਵਜੋਂ ਹੋਈ ਹੈ।
ਦੂਜੇ ਪਾਸੇ ਚੌਥੇ ਫਰਾਰ ਸਾਥੀ ਦੀ ਪਹਿਚਾਣ ਜਗਤਾਰ ਸਿੰਘ ਉਰਫ਼ ਲਾਡਾ ਦੇ ਰੂਪ ਵਜੋਂ ਹੋਈ ਹੈ। ਦੋਸ਼ੀਆਂ ਨੇ 9 ਫਰਵਰੀ ਨੂੰ ਕਪੂਰਥਲਾ ਰੋਡ ਉਤੇ ਪੈਂਦੇ ਪਿੰਡ ਮੰਡ ਦੇ ਇੱਕ ਸੁੰਨਸਾਨ ਇਲਾਕੇ ਵਿੱਚ ਮਤਰੇਏ ਪਿਤਾ ਨੂੰ ਉਸ ਸਮੇਂ ਲੁੱਟ ਲਿਆ ਸੀ ਜਦੋਂ ਉਹ ਉਸ ਦੀ ਮਾਂ ਨਾਲ ਕੈਨੇਡਾ ਵਾਪਸ ਜਾ ਰਿਹਾ ਸੀ। ਇਸ ਮਾਮਲੇ ਸਬੰਧੀ ਡੀ. ਐਸ. ਪੀ. ਕਰਤਾਰਪੁਰ ਸੁਰਿੰਦਰ ਧੋਗੜੀ ਨੇ ਦੱਸਿਆ ਕਿ ਕਪੂਰਥਲਾ ਦੇ ਸੁਲਤਾਨਪੁਰ ਦੇ ਰਹਿਣ ਵਾਲੇ ਐਨ. ਆਰ. ਆਈ. ਗੁਰਸ਼ਰਨ ਸਿੰਘ ਦਾ ਵਿਆਹ 14 ਸਾਲ ਪਹਿਲਾਂ ਫਿਰੋਜ਼ਪੁਰ ਦੇ ਘੱਲ ਖੁਰਦ ਦੀ ਰਹਿਣ ਵਾਲੀ ਸੰਦੀਪ ਕੌਰ ਦੇ ਨਾਲ ਹੋਇਆ ਸੀ। ਇਹ ਉਸ ਦਾ ਦੂਜਾ ਵਿਆਹ ਸੀ। ਸੰਦੀਪ ਕੌਰ ਦਾ ਵੀ ਇਹ ਦੂਜਾ ਵਿਆਹ ਸੀ ਅਤੇ ਉਸ ਦੇ ਪਹਿਲੇ ਵਿਆਹ ਦਾ ਇੱਕ ਲੜਕਾ ਰਣਦੀਪ ਸਿੰਘ ਉਰਫ ਦੀਪ ਸੀ। ਦੀਪ ਵੀ ਕਾਜ਼ੀ ਬਾਗ ਵਿੱਚ ਹੀ ਰਹਿੰਦਾ ਸੀ। ਜਦੋਂ ਗੁਰਸ਼ਰਨ ਸਿੰਘ ਕੈਨੇਡਾ ਤੋਂ ਭਾਰਤ ਆਇਆ ਤਾਂ ਰਣਦੀਪ ਸਿੰਘ ਨੇ ਉਸ ਤੋਂ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ।
ਜਦੋਂ ਪੈਸੇ ਨਹੀਂ ਮਿਲੇ ਤਾਂ ਉਸ ਨੇ ਲੁੱਟ ਦੀ ਯੋਜਨਾ ਬਣਾਈ, ਜਿਸ ਵਿਚ ਉਸ ਨੇ ਆਪਣੇ ਨਾਲ ਜਗਤਾਰ ਸਿੰਘ, ਬੇਅੰਤ ਸਿੰਘ ਅਤੇ ਅਮਨਦੀਪ ਸਿੰਘ ਨੂੰ ਵੀ ਸ਼ਾਮਲ ਕਰ ਲਿਆ। ਰਣਦੀਪ ਸਿੰਘ ਨੇ ਗੁਰਸ਼ਰਨ ਸਿੰਘ ਦੇ ਡਰਾਈਵਰ ਸੰਦੀਪ ਨੂੰ ਵੀ ਆਪਣੇ ਨਾਲ ਮਿਲਾ ਲਿਆ। ਰਣਦੀਪ ਨੇ ਪਿੰਡ ਮੰਡ ਕੋਲ ਜੀ. ਪੀ. ਐਸ. ਸਿਸਟਮ ਨਾਲ ਕਾਰ ਬੰਦ ਕਰਵਾਈ। ਉਹ ਉਥੇ ਆਪਣੇ ਸਾਥੀਆਂ ਨਾਲ ਆਇਆ ਅਤੇ ਪਤੀ ਪਤਨੀ ਦੀ ਕੁੱਟ ਮਾਰ ਕੀਤੀ, ਫਿਰ ਉਨ੍ਹਾਂ ਦੀਆਂ ਅੱਖਾਂ ਵਿਚ ਮਿਰਚ ਪਾ ਕੇ ਕੀਮਤੀ ਸਾਮਾਨ, ਗ੍ਰੀਨ ਕਾਰਡ, ਪਾਸਪੋਰਟ, 1400 ਡਾਲਰ, ਸੋਨੇ ਦਾ ਕੜਾ ਅਤੇ ਤਿੰਨ ਸੋਨੇ ਦੀਆਂ ਮੁੰਦਰੀਆਂ ਨੂੰ ਖੋਹ ਲੈ ਗਏ। ਪੁਲਿਸ ਨੇ ਗੁਰਸ਼ਰਨ ਦੇ ਬਿਆਨਾਂ ਉਤੇ ਕੇਸ ਦਰਜ ਕਰ ਲਿਆ ਸੀ। ਬਾਅਦ ਵਿਚ ਪੁਲਿਸ ਨੇ ਇਸ ਮਾਮਲੇ ਵਿਚ ਸੰਦੀਪ ਸਿੰਘ ਨੂੰ ਵੀ ਨਾਮਜ਼ਦ ਕਰ ਲਿਆ।