ਪੰਜਾਬ ਵਿਚ ਜਿਲ੍ਹਾ ਮੋਗਾ ਸ਼ਹਿਰ ਦੇ ਪਹਾੜਾ ਚੌਂਕ ਨੇੜੇ ਬੀਤੇ ਦਿਨ ਆਪਣੀ ਘਰਵਾਲੀ ਮੋਨਿਕਾ ਸ਼ਰਮਾ ਦਾ ਕ-ਤ-ਲ ਕਰਕੇ ਫਰਾਰ ਹੋਇਆ ਕਥਿਤ ਦੋਸ਼ੀ ਰੋਹਿਤ ਸ਼ਰਮਾ ਥਾਣਾ ਸਿਟੀ ਸਾਊਥ ਦੇ ਇੰਚਾਰਜ ਅਮਨਦੀਪ ਸਿੰਘ ਕੰਬੋਜ ਦੀ ਅਗਵਾਈ ਦੇ ਹੇਠ ਪੁਲਿਸ ਪਾਰਟੀ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਹਿਰਾਸਤ ਦੇ ਵਿਚ ਕਥਿਤ ਦੋਸ਼ੀ ਪਤੀ ਵਲੋਂ ਕਬੂਲ ਕੀਤਾ ਗਿਆ ਹੈ ਕਿ ਉਸ ਨੇ ਕਥਿਤ ਤੌਰ ਉਤੇ ਆਪਣੀ ਘਰਵਾਲੀ ਨੂੰ ਜ਼ਹਿ-ਰੀਲੀ ਚੀਜ ਦਾ ਟੀਕਾ ਲਾ ਕੇ ਮੁਕਾ ਦਿੱਤਾ ਹੈ।
ਇਸ ਮਾਮਲੇ ਸਬੰਧੀ ਅੱਜ ਇਕ ਪ੍ਰੈਸ ਕਾਨਫਰੰਸ ਦੇ ਦੌਰਾਨ ਜਾਣਕਾਰੀ ਦਿੰਦੇ ਹੋਏ ਐਸ.ਪੀ. ਜਾਂਚ ਅਧਿਕਾਰੀ ਅਜੈਰਾਜ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਮੋਨਿਕਾ ਸ਼ਰਮਾ ਦੇ ਗੁਆਂਢੀਆਂ ਨੇ ਪਬਲਿਕ ਹੈਲਪ ਲਾਈਨ ਉਪਰ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਦੇ ਗੁਆਂਢੀ ਦੇ ਘਰ ਵਿਚੋਂ ਬਦਬੂ ਆ ਰਹੀ ਹੈ। ਜਿਸ ਤੋਂ ਬਾਅਦ ਥਾਣਾ ਸਿਟੀ ਸਾਊਥ ਦੀ ਪੁਲਿਸ ਨੇ ਜਾ ਕੇ ਜਦੋਂ ਜਾਂਚ ਕੀਤੀ ਤਾਂ ਦੇਖਿਆ ਕਿ ਮਹਿਲਾ ਦਾ ਮ੍ਰਿਤਕ ਸਰੀਰ ਡਬਲ ਬੈੱਡ ਉਤੇ ਪਿਆ ਸੀ।
ਅੱਗੇ ਉਨ੍ਹਾਂ ਨੇ ਦੱਸਿਆ ਕਿ ਮੋਨਿਕਾ ਦੇ ਪਿਤਾ ਨੇ ਪਰਮਿੰਦਰਪਾਲ ਵਾਸੀ ਸ਼ਾਹਕੋਟ ਨਾਲ ਸੰਪਰਕ ਕੀਤਾ ਤਾਂ ਉਸ ਨੇ ਪੁਲਿਸ ਕੋਲ ਦਰਜ ਕਰਵਾਇਆ ਕਿ ਮੋਨਿਕਾ ਦਾ ਪਤੀ ਰੋਹਿਤ ਸ਼ਰਮਾ ਕਥਿਤ ਤੌਰ ਉਤੇ ਉਨ੍ਹਾਂ ਦੀ ਬੇਟੀ ਦੀ ਕੁੱਟ ਮਾਰ ਕਰਦਾ ਸੀ ਅਤੇ ਉਸ ਨੇ ਹੀ ਮੋਨਿਕਾ ਦਾ ਕ-ਤ-ਲ ਕਰ ਦਿੱਤਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਕੁਝ ਘੰਟੇ ਬਾਅਦ ਹੀ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਕ-ਤ-ਲ ਦਾ ਮਾਮਲਾ ਦਰਜ ਕਰਕੇ ਅੱਜ ਰੋਹਿਤ ਸ਼ਰਮਾ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਥਿਤ ਦੋਸ਼ੀ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ ਕਿ ਉਸ ਵਲੋਂ ਅਜਿਹਾ ਕਿਉਂ ਕੀਤਾ ਗਿਆ। ਇਸ ਮੌਕੇ ਡੀ.ਐਸ.ਪੀ. ਗੁਰਸ਼ਰਨਜੀਤ ਸਿੰਘ, ਐੱਸ.ਐੱਚ.ਓ. ਅਮਨਦੀਪ ਕੰਬੋਜ ਵੀ ਹਾਜ਼ਰ ਰਹੇ।